ਚੰਦੂਮਾਜਰਾ ਨੇ ਮੁਨੀਸ਼ ਤਿਵਾੜੀ ਖਿਲਾਫ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ (ਵੀਡੀਓ)

Thursday, Jun 13, 2019 - 06:34 PM (IST)

ਸ੍ਰੀ ਆਨੰਦਪੁਰ ਸਾਹਿਬ/ਚੰਡੀਗੜ੍ਹ (ਕਮਲ)— ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਕਮਿਸ਼ਨ ਨੂੰ ਮੌਜੂਦਾ ਸੰਸਦ ਮੈਂਬਰ ਮੁਨੀਸ਼ ਤਿਵਾੜੀ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ 'ਚ ਚੰਦੂਮਾਜਰਾ ਨੇ ਮੁਨੀਸ਼ ਤਿਵਾੜੀ 'ਤੇ ਲੋਕ ਸਭਾ ਚੋਣਾਂ ਦੌਰਾਨ ਜ਼ਿਆਦਾ ਖਰਚ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੁਨੀਸ਼ ਤਿਵਾੜੀ ਨੇ ਲੋਕ ਸਭਾ ਚੋਣਾਂ ਦੌਰਾਨ ਲਗਭਗ 90 ਲੱਖ ਰੁਪਏ ਖਰਚ ਕੀਤੇ ਹਨ, ਜਦਕਿ ਚੋਣਾਂ 'ਚ 70 ਲੱਖ ਰੁਪਏ ਉਮੀਦਵਾਰਾਂ ਨੂੰ ਖਰਚ ਕਰਨ ਲਈ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਫਸਰਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਰਿਕਾਰਡ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਮੁਨੀਸ਼ ਤਿਵਾੜੀ ਨੂੰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਖਿਲਾਫ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਨ੍ਹਾਂ ਚੋਣਾਂ 'ਚ ਮੁਨੀਸ਼ ਤਿਵਾੜੀ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46795 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦਿਖਾਉਂਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਸੀ। ਤਿਵਾੜੀ ਨੂੰ 421779 ਵੋਟਾਂ ਪਈਆਂ ਸਨ ਜਦਕਿ ਚੰਦੂਮਾਜਰਾ ਨੂੰ 394984 ਵੋਟਾਂ ਪਈਆਂ ਸਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਚੋਣ ਕਮਿਸ਼ਨ ਵੱਲੋਂ ਚੋਣ ਮੈਦਾਨ 'ਚ ਖੜੇ ਉਮੀਦਵਾਰਾਂ ਨੂੰ ਕਰੀਬ 70 ਲੱਖ ਰੁਪਏ ਦਾ ਖਰਚ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਆਪਣੇ ਖਰਚੇ ਸਬੰਧੀ ਦੱਸਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ 55 ਲੱਖ ਰੁਪਏ ਖਰਚ ਕੀਤੇ ਹਨ।


author

shivani attri

Content Editor

Related News