ਸਭ ਤੋਂ ਪਹਿਲਾਂ ਹੁਸ਼ਿਆਰਪੁਰ ਤੇ ਆਖਰੀ 'ਚ ਅੰਮ੍ਰਿਤਸਰ ਦੇ ਐਲਾਨੇ ਜਾਣਗੇ ਨਤੀਜੇ
Wednesday, May 22, 2019 - 06:36 AM (IST)

ਚੰਡੀਗੜ੍ਹ/ਹੁਸ਼ਿਆਰਪੁਰ— ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ 23 ਮਈ ਯਾਨੀ ਵੀਰਵਾਰ ਨੂੰ ਐਲਾਨੇ ਜਾ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਚੋਣਾਂ 'ਚ ਪੰਜਾਬ 'ਚੋਂ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਨਤਾ ਵੱਲੋਂ ਵੀਰਵਾਰ ਨੂੰ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਚੋਣ ਨਤੀਜੇ ਸਭ ਤੋਂ ਪਹਿਲਾਂ ਆਉਣਗੇ ਜਦਕਿ ਆਖਰੀ 'ਚ ਅੰਮ੍ਰਿਤਸਰ ਸੀਟ ਦਾ ਨਤੀਜੇ ਐਲਾਨੇ ਜਾਣਗੇ। ਹੁਸ਼ਿਆਰਪੁਰ ਸੀਟ 'ਤੇ ਕੁੱਲ 8 ਉਮੀਦਵਾਰ ਚੋਣ ਮੈਦਾਨ 'ਚ ਹਨ ਜਦਕਿ ਅੰਮ੍ਰਿਤਸਰ ਸੀਟ 'ਤੇ ਸਭ ਤੋਂ ਵੱਧ 30 ਉਮੀਦਵਾਰ ਚੋਣ ਮੈਦਾਨ 'ਚ ਹਨ। ਵੋਟਾਂ ਦੀ ਗਿਣਤੀ ਸੂਬੇ 'ਚ 21 ਸਥਾਨਾਂ 'ਤੇ ਬਣਾਏ ਕਾਊਂਟਿੰਗ ਸੈਂਟਰਾਂ 'ਚ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਹਰ ਸੀਟ 'ਤੇ 5-5 ਬੂਥਾਂ ਦੀ ਵੀ. ਵੀ. ਪੈਟ ਪਰਚੀਆਂ ਦੀ ਗਿਣਤੀ ਦਾ ਕੰਮ ਵੀ ਕੀਤਾ ਜਾਣਾ ਹੈ, ਇਸ ਲਈ ਫਾਈਨਲ ਨਤੀਜੇ ਐਲਾਨ ਕਰਨ 'ਚ ਵੱਧ ਸਮਾਂ ਲੱਗ ਸਕਦਾ ਹੈ। ਫਿਰ ਵੀ ਹੁਸ਼ਿਆਰਪੁਰ 'ਚ ਘੱਟ ਉਮੀਦਵਾਰ ਹੋਣ ਦੇ ਚਲਦਿਆਂ ਗਿਣਤੀ ਦਾ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ।
ਕਰੁਣਾ ਰਾਜੂ ਨੇ ਦੱਸਿਆ ਕਿ ਈ. ਵੀ. ਐੱਮ. ਅਤੇ ਵੀ. ਵੀ. ਪੈਟ ਨੂੰ ਤਿੰਨ ਪੱਧਰੀ ਸੁਰੱਖਿਆ ਘੇਰੇ 'ਚ ਰੱਖਿਆ ਗਿਆ ਹੈ। ਸੁਰੱਖਿਆ ਘੇਰੇ 'ਚ ਪਹਿਲਾ ਚੱਕਰ ਕੇਂਦਰੀ ਹਥਿਆਰਬੰਦ ਬਲਾਂ ਦਾ, ਦੂਜਾ ਸੂਬਾ ਹਥਿਆਰਬੰਦ ਪੁਲਸ ਦਾ ਅਤੇ ਤੀਜਾ ਸਿਵਲ ਪੁਲਸ ਦਾ ਹੈ। ਆਈ.ਜੀ.ਲਾਅ ਐਂਡ ਆਰਡਰ ਵੱਲੋਂ ਸੋਮਵਾਰ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਕਿ ਪੰਜਾਬ ਪੁਲਸ ਡਾਇਰੈਕਟੋਰੇਟ ਨੇ ਵੱਖ-ਵੱਖ ਗਿਣਤੀ ਕੇਂਦਰਾਂ ਲਈ ਪੰਜਾਬ ਹਥਿਆਰਬੰਦ ਪੁਲਸ ਬਟਾਲੀਅਨ ਦੇ 2925 ਪੁਲਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।