ਖਡੂਰ ਸਾਹਿਬ 'ਚ ਦੂਸ਼ਣਬਾਜ਼ੀਆਂ ਦੀ ਝੜੀ, ਟਕਸਾਲੀਆਂ ਨੇ ਕੈਪਟਨ ਤੇ ਬਾਦਲਾਂ ਖਿਲਾਫ ਕੱਢੀ ਭੜਾਸ
Saturday, May 11, 2019 - 06:17 PM (IST)

ਖਡੂਰ ਸਾਹਿਬ (ਗਿੱਲ)— ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਨੂੰ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਵੱਲੋਂ ਅੱਡੀ ਚੋਟੀ ਦਾ ਜੋੜ ਲਾਇਆ ਜਾ ਰਿਹਾ ਹੈ। ਇਸ ਹਲਕੇ 'ਚ ਵੱਖ-ਵੱਖ ਸਿਆਸੀ ਪਾਰਟੀਆ ਵੱਲੋਂ ਇਕ-ਦੂਜੇ 'ਤੇ ਦੂਸ਼ਣਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਕਰਨੈਲ ਸਿੰਘ ਪੀਰ ਮੁੰਹਮਦ ਨੇ ਅੱਜ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਕੀਤੇ ਗਏ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ 'ਤੇ ਖੁੱਲ੍ਹ ਕੇ ਵਰਦੇ ਹੋਏ ਵੱਡੇ ਸ਼ਬਦੀ ਹਮਲੇ ਕੀਤੇ। ਸੇਖਵਾਂ ਨੇ ਕੈਪਟਨ ਨੂੰ ਸਭ ਤੋਂ ਝੂਠਾ ਮੁੱਖ ਮੰਤਰੀ ਦੱਸਦੇ ਕਿਹਾ ਕਿ ਇਸ ਵਰਗਾ ਝੂਠਾ ਮੁੱਖ ਮੰਤਰੀ ਨਾ ਕਦੇ ਹੋਇਆ ਅਤੇ ਨਾ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੈਪਟਨ ਵੱਲੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਅੱਜ ਤੱਕ ਪੂਰੇ ਨਹੀਂ ਹੋਏ ਅਤੇ ਲੋਕਾਂ ਨੇ ਕਾਗਰਸ ਸਰਕਾਰ ਨੂੰ ਵੋਟਾਂ ਨਹੀਂ ਪਾਈਆਂ ਸਨ, ਕੈਪਟਨ ਵੱਲੋਂ ਸਹੁੰ ਖਾਣ ਅਤੇ ਗੁਰਬਾਣੀ ਦੇ ਸਨਮਾਨ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਵੀ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਹੈ। ਉਥੇ ਹੀ ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਦਾ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਅਕਾਲੀ ਦਲ ਆਇਆ ਹੈ, ਅਕਾਲੀ ਦਲ ਇਕ ਨਿੱਜੀ ਪਰਿਵਾਰ ਦੀ ਕੰਪਨੀ ਬਣ ਕੇ ਰਹਿ ਗਿਆ ਹੈ ਅਤੇ ਪੰਥ ਅਤੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਹੈ। ਸੋਧਾ ਸਾਧ ਨੂੰ ਵੀ ਜਥੇ. ਦੀ ਧੌਣ 'ਤੇ ਗੋਡਾ ਦੇ ਕੇ ਮਾਫੀ ਦਵਾਈ ਹੈ ਅਤੇ ਬਾਦਲ ਗੁਰੂ ਵੱਲ ਪਿੱਠ ਕਰਕੇ ਖਲੋਹ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵੱਲੋਂ ਵੀ ਦਿੱਲੀ ਦੀਆਂ ਗਲੀਆਂ 'ਚ ਔਰਤਾਂ ਦੀ ਇੱਜਤ ਰੌਲੀ ਗਈ ਅਤੇ ਸਿੱਖਾਂ ਨੂੰ ਜਿਊਂਦੇ ਜੀਅ ਸਾੜਿਆ ਗਿਆ ਸੀ। ਇਸ ਲਈ ਇਹ ਦੋਵੇਂ ਪਾਰਟੀਆਂ ਨੂੰ ਮੂੰਹ ਲਾਉਣਾ ਪਾਪ ਦੀ ਪੌੜੀ ਚੜ੍ਹਨ ਦੇ ਬਰਾਬਰ ਹੋਵੇਗਾ। ਪਿਛਲੇ ਦਿਨੀਂ ਇਸ ਹਲਕੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਸਬੀਰ ਸਿੰਘ ਡਿੰਪਾ ਦੇ ਹੱਕ 'ਚ ਚੋਣ ਰੈਲੀ ਕਰਕੇ ਬਾਦਲਾਂ ਅਤੇ ਹੋਰ ਵਿਰੋਧੀ ਪਾਰਟੀਆਂ ਖਿਲਾਫ ਖੁੱਲ੍ਹ ਕੇ ਵਰੇ ਸਨ, ਉਥੇ ਹੀ ਅੱਜ ਬਾਦਲਾਂ ਵੱਲੋਂ ਵੀ ਬੀਬੀ ਜਗੀਰ ਕੌਰ ਦੇ ਹੱਕ 'ਚ ਚੋਣ ਰੈਲੀ ਕੀਤੀ ਗਈ, ਜਿੱਥੇ ਟਕਸਾਲੀਆਂ ਅਤੇ ਕਾਂਗਰਸੀਆ ਨੂੰ ਖੂੰਬ ਰਗੜੇ ਲਗਾਏ ਗਏ।