ਮੋਦੀ ਦੇ ਵਿਜੇ ਰੱਥ ਨੂੰ ਸੱਤਾ ਤੱਕ ਪਹੁੰਚਾਉਣ ਲਈ ਪੰਜਾਬ ਦੀ ਜਨਤਾ ਬਣਾ ਚੁੱਕੀ ਹੈ ਮਨ : ਸ਼ਵੇਤ ਮਲਿਕ

05/11/2019 5:54:05 AM

ਹੁਸ਼ਿਆਰਪੁਰ (ਰਾਜੇਸ਼ ਜੈਨ)— ਹੁਸ਼ਿਆਰਪੁਰ ਰੈਲੀ 'ਚ ਹਾਜ਼ਰ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਲਿਕ ਨੇ ਕਿਹਾ ਕਿ ਇਹ ਸਾਡੇ ਲਈ ਬੜੀ ਕਿਸਮਤ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ 'ਚ ਪੰਜਾਬ ਦੀ ਜਨਤਾ ਨਾਲ ਰੂ-ਬ-ਰੂ ਹੋਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇ ਵਿਜੇ ਰੱਥ ਨੂੰ ਸੱਤਾ ਤੱਕ ਪਹੁੰਚਾਉਣ ਲਈ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ 'ਚ ਗੁਰਦਾਸਪੁਰ ਤੋਂ ਸੰਨੀ ਦਿਓਲ, ਅੰਮ੍ਰਿਤਸਰ ਤੋਂ ਹਰਦੀਪ ਸਿੰਘ ਪੁਰੀ, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਪੂਰੇ ਪੰਜਾਬ ਦੇ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਅਤੇ ਵਰਕਰ ਜੋਸ਼ ਅਤੇ ਉਤਸ਼ਾਹ ਨਾਲ ਭਰ ਗਏ ਹਨ। ਉਨ੍ਹਾਂ ਦੇ ਇਸੇ ਜੋਸ਼ ਅਤੇ ਉਤਸ਼ਾਹ ਕਾਰਨ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਜੇਤੂ ਝੰਡਾ ਲਹਿਰਾਉਣਗੇ ਅਤੇ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਬਣਾਉਣ 'ਚ ਸਹਿਯੋਗ ਦੇਣਗੇ। 

PunjabKesari
ਮਲਿਕ ਨੇ ਕਿਹਾ ਕਿ ਪੰਜਾਬ ਦੀ ਜਨਤਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਦੇਸ਼ ਭਰ 'ਚ ਚੱਲ ਰਹੇ ਵਿਕਾਸ ਦੀ ਲੜੀ 'ਚ ਪੰਜਾਬ ਨੂੰ ਵੀ ਦੇਖਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ 5 ਸਾਲ ਦੇ ਸੁਸ਼ਾਸਨ 'ਚ 'ਪ੍ਰਸ਼ਾਸਨ ਆਇਆ ਆਪਕੇ ਦੁਆਰ' ਦੇ ਨਾਅਰੇ ਤਹਿਤ ਘਰ-ਘਰ ਲੋਕਾਂ ਨੂੰ ਭਲਾਈ ਸਹੂਲਤਾਂ ਦੇਣ ਦਾ ਲਾਭ ਪਹੁੰਚਾਇਆ ਅਤੇ 'ਨਰ ਸੇਵਾ ਨਾਰਾਇਣ ਸੇਵਾ' ਦੇ ਤਹਿਤ 18 ਤੋਂ 20 ਘੰਟੇ ਮਿਹਨਤ ਕਰਕੇ ਦੇਸ਼ ਦੇ 125 ਕਰੋੜ ਲੋਕਾਂ ਨੂੰ ਸਮੁੱਚੀਆਂ ਸਹੂਲਤਾਂ ਲਈ ਹੀ ਕੰਮ ਕਰ ਰਹੇ ਹਨ।
ਮਲਿਕ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਮੋਦੀ ਨਾਂ ਤੋਂ ਘਬਰਾ ਕੇ ਇਕ ਮਿਲਾਵਟੀ ਮਹਾਗੱਠਜੋੜ ਬਣਾ ਕੇ ਦੇਸ਼ ਦੀ ਜਨਤਾ ਦੇ ਸਾਹਮਣੇ ਝੂਠਾ ਅਤੇ ਤੱਥਹੀਣ ਪ੍ਰਚਾਰ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਤੱਥਹੀਣ ਵਿਰੋਧ ਦਾ ਸਾਹਮਣਾ ਕਰਦੇ ਹੋਏ ਜਨਤਾ ਦੀ ਭਰੋਸੇਯੋਗਤਾ ਦੇ ਬਲ 'ਤੇ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮੋਦੀ ਲਹਿਰ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ, ਇਸੇ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਪੰਜਾਬ ਕਾਂਗਰਸ ਬੌਖਲਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਨਤਾ ਕਦੀ ਵੀ ਦੇਸ਼ ਦੀ ਕਮਾਨ ਅਜਿਹੇ ਵਿਅਕਤੀ ਭਾਵ ਰਾਹੁਲ ਗਾਂਧੀ ਦੇ ਹੱਥ 'ਚ ਨਹੀਂ ਦੇਵੇਗੀ, ਜਿਸ ਨੂੰ ਸੱਭਿਅਚਾਰ ਅਤੇ ਸ਼ਿਸ਼ਟਾਚਾਰ ਬਾਰੇ ਕੋਈ ਪਤਾ ਹੀ ਨਹੀਂ, ਉਹ ਗਲਤੀਆਂ ਵੀ ਕਰਦਾ ਹੈ ਅਤੇ ਵਾਰ-ਵਾਰ ਮੁਆਫੀ ਮੰਗਦਾ ਹੈ।


shivani attri

Content Editor

Related News