ਚੋਣ ਖਰਚਿਆਂ ਨੂੰ ਲੈ ਕੇ ਘਿਰੇ ਅਟਵਾਲ, ਨੋਟਿਸ ਜਾਰੀ
Thursday, May 09, 2019 - 02:18 PM (IST)
ਜਲੰਧਰ (ਪੁਨੀਤ)— ਚੋਣ ਖਰਚੇ ਦੇ ਮਿਲਾਨ ਲਈ ਬੀਤੇ ਦਿਨ ਚੋਣ ਐਕਸਪੈਂਡੀਚਰ ਆਬਜ਼ਵਰਾਂ ਦੀ ਮੀਟਿੰਗ 'ਚ 18 ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ 'ਚ ਕੀਤੇ ਗਏ ਆਪਣੇ ਖਰਚੇ ਦੀ ਡਿਟੇਲ ਪੇਸ਼ ਕੀਤੀ ਗਈ। ਇਸ ਦੇ ਮੁਤਾਬਕ ਅਕਾਲੀ ਦਲ ਅਤੇ ਕਾਂਗਰਸ ਵੱਲੋਂ 14-14 ਲੱਖ ਦੇ ਕਰੀਬ, ਜਦੋਂਕਿ 'ਆਪ' ਵੱਲੋਂ 11 ਲੱਖ ਦਾ ਖਰਚ ਕੀਤਾ ਗਿਆ, ਜਦੋਂਕਿ ਬਸਪਾ ਵੱਲੋਂ 2 ਲੱਖ ਦੇ ਕਰੀਬ ਖਰਚ ਦੱਸਿਆ ਗਿਆ ਹੈ। ਚੋਣਾਂ ਲਈ 19 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਨੇ ਬੀਤੇ ਦਿਨ ਆਪਣੇ ਖਰਚੇ ਦਾ ਮਿਲਾਨ ਇਲੈਕਸ਼ਨ ਦੇ ਸ਼ੈਡੋ ਰਜਿਸਟਰ 'ਚ ਕਰਵਾਉਣਾ ਸੀ ਪਰ ਇਕ ਉਮੀਦਵਾਰ ਕਸ਼ਮੀਰ ਸਿੰਘ ਨਾਲ ਸਬੰਧਤ ਕੋਈ ਵਿਅਕਤੀ ਪੇਸ਼ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਥੇ ਹੀ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦਾ ਖਰਚ ਅਤੇ ਸ਼ੈਡੋ ਰਜਿਸਟਰ ਦਾ ਆਪਸ ਵਿਚ ਮਿਲਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। 19 ਉਮੀਦਵਾਰਾਂ 'ਚੋਂ 2 ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਚੋਣ ਖਰਚਾ ਆਬਜ਼ਰਵਰ ਅਤੇ ਆਈ. ਆਰ. ਐੱਸ. (ਇੰਡੀਅਨ ਰੈਵੇਨਿਊ ਸਰਵਿਸਿਜ਼) ਅਧਿਕਾਰੀ ਪ੍ਰੀਤੀ ਚੌਧਰੀ, ਅਮਿਤ ਸ਼ੁਕਲਾ ਵੱਲੋਂ ਅੱਧੇ ਉਮੀਦਵਾਰਾਂ ਦੇ ਖਰਚ ਰਜਿਸਟਰ ਸਵੇਰੇ 10.30 ਤੋਂ ਦੁਪਹਿਰ 1 ਵਜੇ ਤੱਕ ਮਿਲਾਏ ਗਏ। ਉਥੇ ਅੱਧੇ ਉਮੀਦਵਾਰਾਂ ਨੂੰ ਦੁਪਹਿਰ 2.30 ਤੋਂ 5 ਵਜੇ ਤੱਕ ਦਾ ਸਮਾਂ ਦੇ ਕੇ ਉਨ੍ਹਾਂ ਦੇ ਖਰਚ ਰਜਿਸਟਰ ਨੂੰ ਸ਼ੈਡੋ ਰਜਿਸਟਰ ਨਾਲ ਮਿਲਾਇਆ ਗਿਆ।
ਨਿਯਮਾਂ ਦੇ ਕਾਰਨ ਦੋ ਉਮੀਦਵਾਰਾਂ ਦਾ ਖਰਚ ਅਪਡੇਟ ਨਹੀਂ
ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ਾਮ 7 ਵਜੇ ਤੋਂ ਕੰਮ ਨਹੀਂ ਕੀਤਾ ਜਾਵੇਗਾ। ਇਸ ਕਾਰਨ ਦੋ ਉਮੀਦਵਾਰਾਂ ਦੇ ਖਰਚ ਦਾ ਵੇਰਵਾ ਚੋਣ ਕਮਿਸ਼ਨ ਦੀ ਸਾਈਟ 'ਤੇ ਅਪਡੇਟ ਨਹੀਂ ਹੋ ਸਕਿਆ। ਇਨ੍ਹਾਂ 'ਚ ਕਾਂਗਰਸ ਦੇ ਸੰਤੋਖ ਚੌਧਰੀ ਅਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾਂ ਦੇ ਨੁਮਾਇੰਦੇ ਮੀਟਿੰਗ 'ਚ ਸ਼ਾਮਲ ਹੋਏ ਸਨ ਪਰ ਸਮਾਂ ਘੱਟ ਹੋਣ ਕਾਰਨ ਉਨ੍ਹਾਂ ਦੀ ਡਿਟੇਲ ਅਪਲੋਡ ਨਹੀਂ ਹੋ ਸਕੀ। ਅਸਲ 'ਚ ਸ਼ਾਮ 5 ਵਜੇ ਤੱਕ ਉਮੀਦਵਾਰਾਂ ਨੂੰ ਸਮਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚੈਕਿੰਗ ਅਤੇ ਹੋਰ ਕੰਮ ਨਿਬੇੜਦਿਆਂ 7 ਵੱਜ ਗਏ ਅਤੇ ਇਨ੍ਹਾਂ ਦੋ ਉਮੀਦਵਾਰਾਂ ਦਾ ਵੇਰਵਾ ਅਪਲੋਡ ਹੋਣ ਤੋਂ ਰਹਿ ਗਿਆ। ਜੋ ਅਪਲੋਡ ਕੀਤਾ ਗਿਆ, ਉਸ ਦੇ ਮੁਤਾਬਕ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੇ 14,08,280, ਆਮ ਆਦਮੀ ਪਾਰਟੀ ਰਿਟਾ. ਜਸਟਿਸ ਜ਼ੋਰਾ ਸਿੰਘ ਨੇ 11,71,032 ਰੁਪਏ ਖਰਚ ਕੀਤੇ ਹਨ। ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਕਾਂਗਰਸੀ ਉਮੀਦਵਾਰ ਵੱਲੋਂ 14 ਲੱਖ ਦੇ ਕਰੀਬ, ਬਸਪਾ ਵੱਲੋਂ 2 ਲੱਖ ਦੇ ਕਰੀਬ ਖਰਚ ਹੋਇਆ। ਸਹੀ ਰਕਮ ਦਾ ਅਪਲੋਡ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਚੋਣਾਂ ਤੋਂ ਪਹਿਲਾਂ 2 ਵਾਰ ਹੋਵੇਗਾ ਮਿਲਾਨ
ਉਮੀਦਵਾਰਾਂ ਵੱਲੋਂ ਚੋਣਾਂ 'ਚ 70 ਲੱਖ ਤੱਕ ਖਰਚ ਕੀਤੇ ਜਾਣ ਦੀ ਵਿਵਸਥਾ ਹੈ। ਇਸ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਲੈ ਕੇ ਚੋਣ ਨਤੀਜੇ ਆਉਣ ਤੱਕ ਦਾ ਖਰਚਾ ਸ਼ਾਮਲ ਹੁੰਦਾ ਹੈ। ਉਮੀਦਵਾਰ ਵੱਲੋਂ ਵੱਧ ਖਰਚ ਜਾਂ ਕਿਸੇ ਹੋਰ ਤਰ੍ਹਾਂ ਬੇਨਿਯਮੀ ਨਾ ਕੀਤੀ ਜਾਵੇ, ਇਸ ਦੀ ਨਿਗਰਾਨੀ ਰੱਖਣ ਲਈ ਉਮੀਦਵਾਰ ਦਾ ਸ਼ੈਡੋ ਰਜਿਸਟਰ ਲਗਾਇਆ ਜਾਂਦਾ ਹੈ। ਬੀਤੇ ਦਿਨ ਇਹ ਚੈੱਕ ਕੀਤੇ ਗਏ, ਜਦੋਂਕਿ ਚੋਣਾਂ ਤੋਂ ਪਹਿਲਾਂ 2 ਵਾਰ ਹੋਰ ਰਜਿਸਟਰਾਂ ਦੀ ਚੈਕਿੰਗ ਹੋਵੇਗੀ। ਇਸ ਮੁਤਾਬਕ 14 ਅਤੇ 18 ਮਈ ਨੂੰ ਦੋਬਾਰਾ ਰਜਿਸਟਰ ਚੈੱਕ ਕੀਤੇ ਜਾਣਗੇ। ਇਸ ਵਿਚ ਜੋ ਮਿਲਾਨ ਕੀਤਾ ਜਾਂਦਾ ਹੈ, ਉਸ ਵਿਚ ਕੈਸ਼ ਬੁੱਕ, ਬੈਂਕ ਬਾਊਚਰ, ਬੈਂਕ ਸਟੇਟਮੈਂਟ ਆਦਿ ਸ਼ਾਮਲ ਹੁੰਦੇ ਹਨ।