ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਦਾ ਨਾਂ ਐਲਾਨਣ ''ਚ ਦੋ ਪੱਖ ਬਣੇ ਮੁੱਖ ਰੁਕਾਵਟ
Wednesday, Apr 03, 2019 - 06:00 PM (IST)
ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਬੀਤੇ ਦਿਨ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 'ਚ ਪੰਜਾਬ ਦੇ 6 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਸਿਆਸੀ ਹਲਕਿਆਂ 'ਚ ਇਸ ਦੌਰਾਨ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵੀ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਵੀ ਕਰੀਬ ਤੈਅ ਸੀ ਅਤੇ ਮੁਨੀਸ਼ ਤਿਵਾੜੀ ਦਾ ਨਾਂ ਪ੍ਰਮੁੱਖ ਰੂਪ 'ਚ ਸੰਭਾਵੀਂ ਉਮੀਦਵਾਰ ਵਜੋਂ ਕਰੀਬ ਤੈਅ ਦੱਸਿਆ ਜਾ ਰਿਹਾ ਸੀ। ਇਸ ਦੀ ਪੁਸ਼ਟੀ ਵੀ ਕਾਂਗਰਸ ਦੇ ਆਹਲਾ ਸੂਤਰਾਂ ਵੱਲੋਂ ਕਰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਤਿਵਾੜੀ ਦਾ ਨਾਂ ਐਲਾਨਿਆ ਨਹੀਂ ਗਿਆ ਅਤੇ ਸਕਰੀਨਿੰਗ ਕਮੇਟੀ ਵੱਲੋਂ ਉਕਤ ਹਲਕੇ ਤੋਂ ਉਮੀਦਵਾਰ ਬਾਰੇ ਫੈਸਲਾ ਅਗਲੀ ਮੀਟਿੰਗ ਤੱਕ ਰਾਖਵਾਂ ਰੱਖ ਲਿਆ।
ਇਸ ਤੋਂ ਇਹ ਪੱਖ ਜਿੱਥੇ ਸਪੱਸ਼ਟ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ ਕਿ ਇਹ ਜ਼ਰੂਰੀ ਨਹੀਂ ਕਿ ਤਿਵਾੜੀ ਹੀ ਉਕਤ ਹਲਕੇ ਤੋਂ ਉਮੀਦਵਾਰ ਹੋਣਗੇ ਸਗੋਂ ਇਹ ਵੀ ਚਰਚੇ ਹਨ ਕਿ ਇਸ ਦੇ 2 ਮੁੱਖ ਕਾਰਨ ਸਨ, ਜਿਨ੍ਹਾਂ ਕਰਕੇ ਇਸ ਹਲਕੇ ਤੋਂ ਉਮੀਦਵਾਰ ਦਾ ਐਲਾਨ ਹੀ ਹੋ ਸਕਿਆ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ 2014 'ਚ ਮੁਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਮੈਦਾਨ 'ਚੋਂ ਸਨਸਨੀਖੇਜ਼ ਢੰਗ ਨਾਲ ਕਿਨਾਰਾ ਕਰਨ ਦਾ ਮੁੱਦਾ ਉਕਤ ਮੀਟਿੰਗ 'ਚ ਵੱਡੇ ਪੱਧਰ 'ਤੇ ਗੂੰਜਿਆ ਅਤੇ ਕੁਝ ਮੈਂਬਰਾਂ ਵੱਲੋਂ ਇਸ ਨੂੰ ਪਾਰਟੀ ਨਾਲ ਧੋਖਾ ਦੱਸਦਿਆਂ ਸਿੱਧੇ ਰੂਪ 'ਚ ਤਿਵਾੜੀ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਗਿਆ। ਹਾਲਾਂਕਿ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦਾ ਹੁੰਗਾਰਾ ਤਿਵਾੜੀ ਨੂੰ ਟਿਕਟ ਦੇਣ ਦੇ ਪੱਖ 'ਚ ਸੀ ਪਰ ਰਾਹੁਲ ਗਾਂਧੀ ਵੱਲੋਂ ਇਸ ਪ੍ਰਤੀ ਰਜ਼ਾਮੰਦੀ ਨਾ ਦੇਣ ਕਾਰਨ ਇਸ ਹਲਕੇ ਤੋਂ ਉਮੀਦਵਾਰ ਦਾ ਐਲਾਨ ਸਦੀਵੀ ਨਹੀਂ ਹੋ ਸਕਿਆ। ਇਸ ਦਾ ਦੂਜਾ ਪੱਖ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਜ਼ਾਹਰ ਕੀਤਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਕ ਮਹੱਤਤਾ ਦੇ ਮੱਦੇਨਜ਼ਰ ਇਸ ਪੱਖ ਦੇ ਵਿਚਾਰ ਜ਼ਰੂਰ ਕੀਤਾ ਕਿ ਇਥੋਂ ਹਿੰਦੂ ਦੀ ਥਾਂ ਸਿੱਖ ਚਿਹਰਾ ਚੋਣ ਮੈਦਾਨ 'ਚ ਉਤਾਰਿਆ ਜਾਵੇ, ਜਿਸ 'ਤੇ ਸਕਰੀਨਿੰਗ ਕਮੇਟੀ ਨੇ ਹਲਕੇ ਅੰਦਰ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਵੋਟ ਫੀਸਦੀ ਅੰਕੜਿਆਂ ਦੀ ਮੰਗ ਕੀਤੀ ਪਰ ਕੋਈ ਦਾਅਵੇਦਾਰ ਇਹ ਅੰਕੜੇ ਪੇਸ਼ ਨਹੀਂ ਕਰ ਸਕਿਆ। ਜਿਸ ਦੇ ਫਲਸਰੂਪ ਇਹ ਐਲਾਨ ਠੰਡੇ ਬਸਤੇ 'ਚ ਪੈ ਗਿਆ। ਲੋਕ ਸਭਾ ਚੋਣ 2014 'ਚ ਉਕਤ ਸੀਟ ਤੋਂ ਮੈਡਮ ਅੰਬਿਕਾ ਸੋਨੀ ਚੋਣ ਲੜੀ ਸੀ ਅਤੇ ਵਰਤਮਾਨ ਦੌਰ 'ਚ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਣ ਨਾ ਦੇਣ ਦੇ ਮਾਮਲੇ 'ਚ ਉਨ੍ਹਾਂ ਦੀ ਰਾਏ ਜਾਂ ਪ੍ਰਵਾਨਗੀ ਲੈਣੀ ਵੀ ਅਹਿਮੀਅਤ ਰੱਖਦੀ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦਾ ਇਸ ਮੀਟਿੰਗ 'ਚ ਗੈਰ-ਹਾਜ਼ਰ ਰਹਿਣਾ ਵੀ ਇਸ ਦਾ ਇਕ ਕਾਰਨ ਹੋ ਨਿਬੜਿਆ।
ਮੀਟਿੰਗ 'ਚ ਕਾਂਗਰਸ ਦੇ ਆਗੂ ਅਮਰਿੰਦਰਪ੍ਰੀਤ ਸਿੰਘ ਲਾਲੀ ਨੂੰ ਟਿਕਟ ਦੇਣ ਦੀ ਵਕਾਲਤ ਵੀ ਪੰਜਾਬ ਕਾਂਗਰਸ ਦੇ ਇਕ ਗੁੱਟ ਵੱਲੋਂ ਕੀਤੀ ਗਈ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦਾ ਨਾਂ ਵੀ ਏਜੰਡੇ 'ਤੇ ਲਿਆਂਦਾ ਗਿਆ। ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਦੀਪ ਸੰਧੂ ਨੂੰ ਚੋਣ ਲੜਾਉਣ ਦੇ ਹੱਕ 'ਚ ਨਹੀਂ ਹਨ। ਸੂਤਰਾਂ ਅਨੁਸਾਰ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਤੋਂ ਉਮੀਦਵਾਰ ਦੇ ਨਾਂ ਐਲਾਨੇ ਜਾਣ ਦੇ ਬਾਅਦ ਉਕਤ ਹਲਕਿਆਂ ਤੋਂ ਧੜੱਲੇਦਾਰ ਦਾਅਵੇਦਾਰ ਨਵਜੋਤ ਕੌਰ ਸਿੱਧੂ ਦਾ ਨਾਂ ਵੀ ਅਗਲੀ ਮੀਟਿੰਗ 'ਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਚਾਰ ਅਧੀਨ ਆ ਸਕਦਾ ਹੈ।