ਪੰਥ ''ਚੋਂ ਛੇਕੇ ਗਏ ਲੰਗਾਹ ਮੁੜ ਅਕਾਲੀ-ਭਾਜਪਾ ਲਈ ਮੈਦਾਨ ''ਚ ਡਟੇ

04/23/2019 6:59:40 PM

ਗੁਰਦਾਸਪੁਰ : ਪੰਥ 'ਚੋਂ ਛੇਕੇ ਜਾਣ ਤੋਂ ਬਾਅਦ ਭਾਵੇਂ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ ਪਰ ਬਾਵਜੂਦ ਇਸ ਦੇ ਲੰਗਾਹ ਅਕਾਲੀ-ਭਾਜਪਾ ਲਈ ਚੋਣ ਪ੍ਰਚਾਰ 'ਚ ਡੱਟ ਗਏ ਹਨ। ਬਲਾਤਕਾਰ ਕੇਸ ਵਿਚ ਘਿਰਨ ਮਗਰੋਂ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ 'ਚੋਂ ਛੇਕ ਦਿੱਤਾ ਗਿਆ ਸੀ ਉਪਰੰਤ ਅਕਾਲੀ ਦਲ ਨੇ ਵੀ ਉਨ੍ਹਾਂ ਨੂੰ ਪਾਰਟੀ ਕੱਢ ਦਿੱਤਾ। ਲੰਗਾਹ ਭਾਵੇਂ ਬਲਾਤਕਾਰ ਦੇ ਕੇਸ ਵਿਚੋਂ ਬਰੀ ਹੋ ਗਏ ਹਨ ਪਰ ਅਜੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਪੰਥ ਵਿਚ ਸ਼ਾਮਲ ਨਹੀਂ ਕੀਤਾ ਗਿਆ। ਵਿਰੋਧੀ ਧਿਰਾਂ ਵਲੋਂ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਪੰਥ ਵਿਚੋਂ ਛੇਕਿਆ ਬੰਦਾ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਲਈ ਚੋਣ ਪ੍ਰਚਾਰ ਕਿਵੇਂ ਕਰ ਸਕਦਾ ਹੈ।

PunjabKesari
ਦਰਅਸਲ ਲੰਗਾਹ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਦੇ ਸੰਭਾਵੀ ਉਮੀਦਵਾਰ ਦੇ ਹੱਕ ਵਿਚ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੰਗਾਹ ਮੀਟਿੰਗਾਂ ਵਿਚ ਹਾਜ਼ਰ ਲੋਕਾਂ ਨੂੰ ਕਾਂਗਰਸ ਉਮੀਦਵਾਰ ਨੂੰ ਹਰਾਉਣ ਦਾ ਸੱਦਾ ਦਿੰਦੇ ਹੋਏ ਅਕਾਲੀ ਭਾਜਪਾ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਦੀ ਅਪੀਲ ਕਰ ਰਹੇ ਹਨ। 
ਉਧਰ ਲੰਗਾਹ ਨੇ ਕਿਹਾ ਹੈ ਕਿ ਭਾਵੇਂ ਹੁਣ ਉਹ ਅਕਾਲੀ ਦਲ ਦੇ ਅਹੁਦੇਦਾਰ ਨਹੀਂ ਹਨ ਪਰ ਬਾਵਜੂਦ ਇਸ ਦੇ ਉਹ ਅੱਜ ਵੀ ਆਪਣੀ ਪਾਰਟੀ ਅਤੇ ਸਮਰਥਕਾਂ ਦੇ ਨਾਲ ਖੜ੍ਹੇ ਹਨ। ਲੰਗਾਹ ਦਾ ਕਹਿਣਾ ਹੈ ਕਿ ਕਾਂਗਰਸ ਵਲੋਂ ਉਨ੍ਹਾਂ ਦੇ ਸਮਰਥਕਾਂ ਅਤੇ ਅਕਾਲੀ ਵਰਕਰਾਂ 'ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਲੰਗਾਹ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉਨ੍ਹਾਂ ਲਈ ਸਭ ਤੋਂ ਉਪਰ ਹੈ ਅਤੇ ਉਹ ਸ੍ਰੀ ਅਕਾਲ ਤਖਤ ਦਾ ਹਰ ਹੁਕਮ ਮੰਨਣਗੇ।  


Gurminder Singh

Content Editor

Related News