ਡੇਰਾ ਸਮਰਥਨ ''ਤੇ ਬੀਬੀ ਜਗੀਰ ਕੌਰ ਦਾ ਇਕ ਹੋਰ ਵੱਡਾ ਬਿਆਨ
Tuesday, Mar 19, 2019 - 06:19 PM (IST)
ਕਪੂਰਥਲਾ (ਓਬਰਾਏ) : ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਸਾਫ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਅਤੇ ਸਿੱਖ ਪੰਥ ਤੋਂ ਵੱਖ ਹੋ ਕੇ ਚੱਲ ਰਹੇ ਕਿਸੇ ਵੀ ਡੇਰੇ ਤੋਂ ਚੋਣਾਂ 'ਚ ਸਮਰਥਨ ਨਹੀਂ ਲੈਣਗੇ। ਬੀਬੀ ਨੇ ਸਾਫ ਕੀਤਾ ਕਿ ਬੇਸ਼ੱਕ ਉਹ ਖੁਦ ਪੰਥਕ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਇਕ ਡੇਰਾ ਮੁਖੀ ਹਨ ਪਰ ਉਹ ਸਿਰਫ ਉਸ ਡੇਰੇ ਤੋਂ ਸਮਰਥਨ ਮੰਗਣਗੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਪਰ ਜਿਹੜੇ ਡੇਰੇ ਗੁਰਮਤਿ ਤੇ ਰਹਿਤ ਮਰਿਆਦਾ ਤੋਂ ਦੂਰ ਹਨ, ਉਨ੍ਹਾਂ ਕੋਲ ਉਹ ਨਹੀਂ ਜਾਣਗੇ।
ਡੇਰਾ ਸਿਆਸਤ 'ਤੇ ਮੁੜ ਕਾਂਗਰਸ 'ਤੇ ਹਮਲਾ ਬੋਲਦਿਆਂ ਬੀਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪਰਦੇ ਪਿੱਛੇ ਡੇਰਿਆਂ ਨਾਲ ਸੰਬੰਧ ਹਨ ਜਿਸ ਦੀ ਪੁਸ਼ਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਡੇਰਾ ਮੁਖੀ ਨਾਲ ਵਾਇਰਲ ਹੋਈ ਤਸਵੀਰ ਤੋਂ ਹੁੰਦੀ ਹੈ। ਖਡੂਰ ਸਾਹਿਬ ਦੇ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਹੋਣ ਦੇ ਬਾਵਜੂਦ ਅਜੇ ਤਕ ਲੋਕ ਸਭਾ ਦੇ ਉਮੀਦਵਾਰ ਦਾ ਐਲਾਨ ਨਾ ਕਰਨਾ ਨੂੰ ਬੀਬੀ ਨੇ ਕਾਂਗਰਸ ਦੀ ਜ਼ੀਰੋ ਕਾਰਗੁਜ਼ਾਰੀ ਕਰਾਰ ਦਿੱਤਾ ਹੈ।