ਕਾਂਗਰਸ ਤੇ ਅਕਾਲੀ ਦਲ ਤੋਂ ਪਹਿਲਾਂ ''ਆਪ'' ਨੇ ਮਾਰੀ ਬਾਜ਼ੀ!

03/25/2019 6:35:19 PM

ਜਲੰਧਰ (ਗੁਰਮਿੰਦਰ ਸਿੰਘ) : ਪੰਜਾਬ ਦੀਆਂ ਦੋ ਵੱਡੀਆਂ ਅਤੇ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੋਂ ਪਹਿਲਾਂ ਬਾਜ਼ੀ ਮਾਰਦੇ ਹੋਏ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ 'ਆਪ' ਵਲੋਂ ਜਲੰਧਰ, ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਇਸ ਦੇ ਨਾਲ ਹੀ 'ਆਪ' ਨੇ ਹੁਣ ਤਕ ਕੁੱਲ 8 ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ, ਜਦਕਿ 5 ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। 

PunjabKesari
ਆਮ ਆਦਮੀ ਪਾਰਟੀ ਵਲੋਂ ਹੁਣ ਤਕ ਦੋਆਬਾ ਦੀਆਂ 3, ਮਾਝੇ ਦੀਆਂ 2 ਜਦਕਿ ਮਾਲਵੇ ਦੀਆਂ 3 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਤੱਕ ਐਲਾਨੇ ਕੁੱਲ 8 ਉਮੀਦਵਾਰਾਂ ਵਿਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਸਾਧੂ ਸਿੰਘ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ, ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ, ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਗੁਰਦਾਸਪੁਰ ਤੋਂ ਪੀਟਰ ਮਸੀਹ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 

PunjabKesari
ਦੂਜੇ ਪਾਸੇ ਪੰਜਾਬ ਦੀਆਂ ਦੋ ਪ੍ਰਮੁੱਖ ਵੱਡੀਆਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਵਲੋਂ ਅਜੇ ਤਕ ਪੂਰੀ ਤਰ੍ਹਾਂ ਪੱਤੇ ਨਹੀਂ ਖੋਲ੍ਹੇ ਗਏ ਹਨ। ਅਕਾਲੀ ਦਲ ਵਲੋਂ ਦੋ ਸੀਟਾਂ ਜਲੰਧਰ ਅਤੇ ਖਡੂਰ ਸਾਹਿਬ ਤੋਂ ਉਮੀਦਵਾਰ ਉਤਾਰੇ ਜਾ ਚੁੱਕੇ ਹਨ ਜਦਕਿ ਕਾਂਗਰਸ ਵਲੋਂ ਅਜੇ ਤਕ ਪੰਜਾਬ ਦੀਆਂ 13 ਸੀਟਾਂ 'ਚੋਂ ਇਕ ਸੀਟ 'ਤੇ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਂਝ ਕਾਂਗਰਸ ਵਲੋਂ ਸੰਭਾਵੀ ਉਮੀਦਵਾਰਾਂ ਨੂੰ ਆਪੋ-ਆਪਣੇ ਹਲਕਿਆਂ ਵਿਚ ਚੋਣ ਸਰਗਰਮੀਆਂ ਲਈ ਪਾਰਟੀ ਵਲੋਂ ਥਾਪੜਾ ਦੇ ਕੇ ਤਿਆਰੀਆਂ ਖਿੱਚਣ ਲਈ ਆਖ ਦਿੱਤਾ ਗਿਆ ਹੈ। 

PunjabKesari
ਅਕਾਲੀ ਦਲ ਵਲੋਂ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਅਤੇ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦਕਿ ਕਾਂਗਰਸ ਪਹਿਲਾਂ ਵਾਂਗ ਜੱਕੋ-ਤੱਕੀ ਦੀ ਨੀਤੀ 'ਤੇ ਕੰਮ ਕਰ ਰਹੀ ਹੈ। ਕਾਂਗਰਸ ਪਹਿਲਾਂ ਅਕਾਲੀ ਦਲ ਦੀ ਨੀਤੀ ਨੂੰ ਦੇਖ ਰਹੀ ਹੈ ਅਤੇ ਅਕਾਲੀ ਦਲ ਵਲੋਂ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ, ਇਸ ਤੋਂ ਬਾਅਦ ਹੀ ਕਾਂਗਰਸ ਖੁੱਲ੍ਹ ਕੇ ਪੱਤੇ ਖੋਲ੍ਹਣ ਦੀ ਤਾਕ 'ਚ ਹੈ।

PunjabKesari

ਉਧਰ ਹਮਖਿਆਲੀ ਧਿਰਾਂ ਵਲੋਂ ਬਣਾਏ ਗਏ ਜਮਹੂਰੀ ਗਠਜੋੜ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਵੀ ਹੁਣ ਤਕ 9 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀਆਂ ਵਲੋਂ ਵੀ 2 ਸੀਟਾਂ ਖਡੂਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ 'ਤੇ ਉਮੀਦਵਾਰ ਉਤਾਰੇ ਜਾ ਚੁੱਕੇ ਹਨ।


Gurminder Singh

Content Editor

Related News