ਭਾਜਪਾ ਪੰਜਾਬ ''ਚ ਜਲਦੀ ਕਰੇਗੀ ਉਮੀਦਵਾਰਾਂ ਦਾ ਐਲਾਨ : ਸ਼ਵੇਤ ਮਲਿਕ

Thursday, Apr 04, 2019 - 11:47 AM (IST)

ਭਾਜਪਾ ਪੰਜਾਬ ''ਚ ਜਲਦੀ ਕਰੇਗੀ ਉਮੀਦਵਾਰਾਂ ਦਾ ਐਲਾਨ : ਸ਼ਵੇਤ ਮਲਿਕ


ਦਸੂਹਾ (ਝਾਵਰ)— ਕਾਂਗਰਸ ਨੇ ਦੇਸ਼ 'ਚ 4 ਪੀੜ੍ਹੀਆਂ ਲਗਭਗ 55 ਸਾਲ ਕੇਂਦਰ ਅਤੇ ਕਈ ਸੂਬਿਆਂ 'ਚ ਰਾਜ ਕੀਤਾ ਪਰ ਇਨ੍ਹਾਂ ਸਰਕਾਰਾਂ ਦੌਰਾਨ ਝੂਠ ਅਤੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਰਿਹਾ। ਇਸ ਗੱਲ ਦਾ ਪ੍ਰਗਟਾਵਾ ਮਿਆਣੀ ਰੋਡ ਦਸੂਹਾ ਵਿਖੇ ਇਕ ਸਮਾਗਮ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਹਾਸ਼ੀਏ ਤੋਂ ਬਾਹਰ ਹੋ ਜਾਵੇਗੀ। ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਆਪਣੀ ਅਮੇਠੀ ਦੀ ਸੀਟ ਛੱਡ ਕੇ ਭੱਜ ਰਿਹਾ ਹੈ ਅਤੇ ਜੋ ਮੈਨੀਫੈਸਟੋ ਕਾਂਗਰਸ ਨੇ ਜਾਰੀ ਕੀਤਾ ਹੈ ਇਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਲੋਕ ਹੁਣ ਕਾਂਗਰਸ ਦੀਆਂ ਭ੍ਰਿਸ਼ਟਾਚਾਰ ਅਤੇ ਝੂਠੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮਨਾਲੀ 'ਚ ਜਾ ਕੇ ਬੰਸਰੀ ਵਜਾ ਰਿਹਾ ਹੈ। ਉਸ ਵੱਲੋਂ ਗੁਟਕਾ ਫੜ ਕੇ ਜੋ ਵਿਧਾਨ ਸਭਾ ਚੋਣਾਂ ਸਮੇਂ ਸਹੁੰ ਖਾਧੀ ਸੀ ਕਿ 32 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਾ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨਾ, 2500 ਰੁਪਏ ਬੁਢਾਪਾ ਪੈਨਸ਼ਨ ਅਤੇ 51 ਹਜ਼ਾਰ ਸ਼ਗਨ ਸਕੀਮ ਦੇਣਾ ਇਹ ਸਭ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਾਂਗਰਸ ਜਾਤੀਵਾਦ ਨੂੰ ਉਤਸ਼ਾਹਤ ਕਰ ਰਹੀ ਹੈ ਜਦੋਂ ਕਿ ਭਾਜਪਾ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਕੋਈ ਜਾਂਚ ਸੀ. ਬੀ. ਆਈ. ਨੇ ਕਰਨੀ ਸੀ, ਉਹ ਮੁੱਖ ਮੰਤਰੀ ਪੰਜਾਬ ਨੇ ਐੱਸ. ਟੀ. ਆਈ. ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਸਪਤਾਲ ਤੇ ਸਕੂਲ ਪ੍ਰਾਈਵੇਟ ਏਜੰਸੀਆਂ ਦੇ ਹਵਾਲੇ ਸਰਕਾਰ ਕਰਨ ਜਾ ਰਹੀ ਹੈ। ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ 'ਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦ ਦਾ ਖਾਤਮਾ ਕਰਨ ਲਈ ਅਸੀਂ ਵਚਨਬੱਧ ਹਾਂ ਪਰ ਪੰਜਾਬ ਦੇ ਅੰਦਰ ਨਸ਼ਾ ਮੁਕਤੀ ਲਈ ਜੋ ਕਸਮ ਕੈਪਟਨ ਅਮਰਿੰਦਰ ਸਿੰਘ ਨੇ ਖਾਧੀ ਸੀ, ਉਹ ਫਲਾਪ ਹੋ ਕੇ ਰਹਿ ਗਈ ਹੈ। ਅੱਜ ਵੀ ਭਾਰੀ ਮਾਤਰਾ 'ਚ ਨਸ਼ੇ ਫੜੇ ਜਾ ਰਹੇ ਹਨ ਅਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਜਪਾ ਇਕ ਰਾਸ਼ਟਰ ਪੱਧਰ ਦੀ ਪਾਰਟੀ ਹੈ। ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ ਅਤੇ ਭਾਜਪਾ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨਗੇ। ਇਸ ਮੌਕੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਸੁਖਜੀਤ ਕੌਰ ਸਾਹੀ, ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਡਾ. ਹਰਸਿਮਰਤ ਸਿੰਘ ਸਾਹੀ ਅਤੇ ਹੋਰ ਆਗੂ ਹਾਜ਼ਰ ਸਨ।


author

shivani attri

Content Editor

Related News