ਲੋਕ ਸਭਾ ਚੋਣਾਂ : 7 ਲੱਖ ਐੱਨ. ਆਰ. ਆਈਜ. ''ਚੋਂ ਸਿਰਫ 393 ਹੋਏ ਰਜਿਸਟਰਡ

Wednesday, Mar 13, 2019 - 01:21 PM (IST)

ਲੋਕ ਸਭਾ ਚੋਣਾਂ : 7 ਲੱਖ ਐੱਨ. ਆਰ. ਆਈਜ. ''ਚੋਂ ਸਿਰਫ 393 ਹੋਏ ਰਜਿਸਟਰਡ

ਚੰਡੀਗੜ੍ਹ : ਪੰਜਾਬ ਦਾ ਐੱਨ. ਆਰ. ਆਈ. ਭਾਈਚਾਰਾ ਹਰ ਵਾਰ ਚੋਣਾਂ 'ਚ ਫੰਡ ਮੁਹੱਈਆ ਕਰਵਾ ਕੇ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੰਜਾਬ 'ਚ ਐੱਨ. ਆਰ. ਆਈਜ਼ ਦੀ ਗਿਣਤੀ 7 ਲੱਖ ਦੇ ਕਰੀਬ ਹੈ ਪਰ ਇਸ ਵਾਰ ਸਿਰਫ 393 ਐੱਨ. ਆਰ. ਆਈਜ਼ ਹੀ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਰਜਿਸਟਰਡ ਹੋਏ ਹਨ, ਜਿਨ੍ਹਾਂ 'ਚੋਂ 264 ਪੁਰਸ਼ ਤੇ 129 ਔਰਤਾਂ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਇਹ ਗਿਣਤੀ 169 ਸੀ। ਐੱਨ. ਆਰ. ਆਈਜ਼ ਨੂੰ ਸਾਲ 2010 'ਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਸੀ। ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ 'ਚ ਵਸਦਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਈ ਐੱਨ. ਆਰ. ਆਈ. ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਲਈ ਆਪਣੇ ਘਰਾਂ ਨੂੰ ਪਰਤ ਆਏ ਸਨ।

ਸੂਬੇ ਦੇ ਦੋਆਬਾ ਇਲਾਕੇ ਨੂੰ ਐੱਨ. ਆਰ. ਆਈ. ਬੈਲਟ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਐੱਨ. ਆਰ. ਆਈ. ਨਾ ਸਿਰਫ ਫੰਡ ਦੇ ਕੇ, ਸਗੋਂ ਵੋਟਾਂ ਹਾਸਲ ਕਰਾਉਣ 'ਚ ਵੀ ਸਿਆਸੀ ਪਾਰਟੀਆਂ ਦੀ ਵੱਡੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਐੱਨ. ਆਰ. ਆਈਜ਼ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਅਤੇ ਫਰੈਂਚਾਈਜ਼ੀ ਦੀ ਵਰਤੋਂ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਦੱਸ ਦੇਈਏ ਕਿ ਪੰਜਾਬ ਰਾਜ ਚੋਣ ਕਮਿਸ਼ਨ ਐੱਨ. ਆਰ. ਆਈ. ਭਰਾਵਾਂ ਤੱਕ ਪੁੱਜਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਵੱਖ-ਵੱਖ ਮੁਲਕਾਂ 'ਚ ਰੇਡੀਓ ਪ੍ਰੋਗਰਾਮ ਕਰ ਰਹੇ ਹਨ ਤਾਂ ਜੋ ਐੱਨ. ਆਰ. ਆਈਜ਼ ਨੂੰ ਆਪਣੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਚੰਗੀ ਤਰ੍ਹਾ ਸਮਝਾਈ ਜਾ ਸਕੇ। ਐੱਨ. ਆਰ. ਆਈਜ਼ 'ਫਾਰਮ-6' ਰਾਹੀਂ ਭਾਰਤੀ ਚੋਣ ਕਮਿਸ਼ਵਨ ਦੀ ਵੈੱਬਸਾਈਟ 'ਤੇ ਜਾ ਕੇ ਖੁਦ ਨੂੰ ਆਨਲਾਈਨ ਰਜਿਸਟਰਡ ਕਰਵਾ ਸਕਦੇ ਹਨ। 


author

Babita

Content Editor

Related News