ਮੋਦੀ ਨੂੰ ਘੇਰਨ ਲਈ ਵੱਡੀ ਕੁਰਬਾਨੀ ਦੇਵੇਗੀ ਕਾਂਗਰਸ
Saturday, Dec 15, 2018 - 04:17 PM (IST)
ਜਲੰਧਰ (ਨਰੇਸ਼ ਕੁਮਾਰ)— ਲੋਕਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਘੇਰਨ ਲਈ ਕਾਂਗਰਸ ਵੱਡੀ ਕੁਰਬਾਨੀ ਦੇਣ ਜਾ ਰਹੀ ਹੈ। ਕਾਂਗਰਸ ਇਨ੍ਹਾਂ ਚੋਣਾਂ 'ਚ ਲਗਭਗ 300 ਸੀਟਾਂ 'ਤੇ ਚੋਣਾਂ ਲੜੇਗੀ ਅਤੇ ਉਨ੍ਹਾਂ ਨੇ ਇਨ੍ਹਾਂ ਵਿਚੋਂ 150 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਕਾਂਗਰਸ ਪਿਛਲੀਆਂ ਚੋਣਾਂ 'ਚ 464 ਸੀਟਾਂ 'ਤੇ ਚੋਣ ਲੜੀ ਸੀ। ਇਸ ਲਿਹਾਜ ਨਾਲ ਉਹ ਸਹਿਯੋਗੀਆਂ ਦੀ ਖਾਤਿਰ 164 ਸੀਟਾਂ ਦੀ ਕੁਰਬਾਨੀ ਦੇਵੇਗੀ।
ਕਿਹੜੇ-ਕਿਹੜੇ ਸੂਬਿਆਂ 'ਚ ਸਮਝੌਤਾ
ਕਾਂਗਰਸ ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਕੇਰਲਾ, ਕਰਨਾਟਕਾ ਅਤੇ ਖੇਤਰੀ ਪਾਰਟੀਆਂ ਦੇ ਸਾਹਮਣੇ ਝੁਕ ਕੇ ਸਮਝੌਤਾ ਕਰ ਸਕਦੀ ਹੈ। ਇਨ੍ਹਾਂ 4 ਸੂਬਿਆਂ 'ਚ ਲੋਕਸਭਾ ਦੀਆਂ 269 ਸੀਟਾਂ ਹਨ। ਕਾਂਗਰਸ ਨੂੰ ਇਨ੍ਹਾਂ 'ਚੋਂ 89 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਹੋਰ 180 ਸੀਟਾਂ ਉਹ ਆਪਣੇ ਸਹਿਯੋਗੀਆਂ ਲਈ ਛੱਡੇਗੀ। ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਜੇਕਰ ਕਾਂਗਰਸ ਸਪਾ ਅਤੇ ਬਸਪਾ ਗਠਜੋੜ ਦਾ ਹਿੱਸਾ ਬਣੀਆਂ ਤਾਂ 80 ਸੀਟਾਂ 'ਚੋਂ 7 ਸੀਟਾਂ ਮਿਲ ਸਕਦੀਆਂ ਹਨ ਜਦਕਿ ਬਿਹਾਰ 'ਚ ਵੀ ਮਹਾ ਗਠਜੋੜ ਦਾ ਹਿੱਸਾ ਬਣਨ 'ਤੇ ਉਸ ਨੂੰ ਸੂਬੇ ਦੀਆਂ 40 'ਚੋਂ 8 ਸੀਟਾਂ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਪਹਿਲਾਂ ਰਾਜਦ ਨਾਲ ਗਠਜੋੜ ਦੌਰਾਨ 15 ਸੀਟਾਂ 'ਤੇ ਚੋਣ ਲੜਦੀ ਰਹੀ ਹੈ। ਤਾਮਿਲਨਾਡੂ 'ਚ ਕਾਂਗਰਸ ਦਾ ਡੀ. ਐੱਮ. ਕੇ. ਨਾਲ ਗਠਜੋੜ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਥੇ ਕਾਂਗਰਸ ਨੂੰ ਸੂਬੇ ਦੀਆਂ 39 'ਚੋਂ 8 ਸੀਟਾਂ ਮਿਲ ਸਕਦੀਆਂ ਹਨ। ਹਾਲਾਂਕਿ ਡੀ. ਐੱਮ. ਕੇ. ਨੇ ਉਸ ਨੂੰ 5 ਸੀਟਾਂ ਦਾ ਆਫਰ ਦਿੱਤਾ ਹੈ ਜਦਕਿ ਮਹਾਰਾਸ਼ਟਰ 'ਚ ਕਾਂਗਰਸ ਐੱਨ. ਸੀ. ਪੀ. ਨਾਲ ਮਿਲ ਕੇ 24-24 ਸੀਟਾਂ 'ਤੇ ਚੋਣਾਂ ਲੜੇਗੀ। ਜੇਕਰ ਇਨ੍ਹਾਂ ਦੋਵਾਂ ਦੇ ਗਠਜੋੜ 'ਚ ਕੋਈ ਛੋਟੀ ਪਾਰਟੀ ਵੀ ਸ਼ਾਮਲ ਹੋਈ ਤਾਂ ਦੋਵੇਂ ਪਾਰਟੀਆਂ ਆਪਣੇ-ਆਪਣੇ ਹਿੱਸੇ ਦੀਆਂ ਇਕ ਜਾਂ ਦੋ ਸੀਟਾਂ ਛੱਡਣਗੀਆਂ। ਝਾਰਖੰਡ ਵਿਕਾਸ ਪਾਰਟੀ ਤੇ ਝਾਰਖੰਡ ਮੁਕਤੀ ਮੋਰਚਾ ਨਾਲ ਗਠਜੋੜ ਕਰੇਗੀ ਅਤੇ ਉਸ ਨੂੰ ਸੂਬੇ ਦੀਆਂ 14 ਸੀਟਾਂ 'ਚੋਂ 8 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਕਰਨਾਟਕ 'ਚ ਕਾਂਗਰਸ ਦਾ ਜੇ. ਡੀ. ਐੱਸ. ਨਾਲ ਤਾਲਮੇਲ ਹੈ ਅਤੇ ਸੂਬੇ ਦੀਆਂ 28 ਸੀਟਾਂ 'ਚੋਂ ਕਾਂਗਰਸ ਨੂੰ 8 ਸੀਟਾਂ ਜੇ. ਡੀ. ਐੱਸ. ਲਈ ਛੱਡਣੀਆਂ ਪੈ ਸਕਦੀਆਂ ਹਨ। ਕੇਰਲਾ 'ਚ ਕਾਂਗਰਸ ਪਿਛਲੀਆਂ ਚੋਣਾਂ ਦੌਰਾਨ 15 ਸੀਟਾਂ 'ਤੇ ਲੜੀ ਸੀ ਅਤੇ ਉਸ ਦਾ ਕੇਰਲਾ, ਕਾਂਗਰਸ ਅਤੇ ਹੋਰ ਛੋਟੀਆਂ ਪਾਰਟੀਆਂ ਨਾਲ ਕਰਾਰ ਹੈ। ਲਿਹਾਜਾ ਇਥੇ ਕਾਂਗਰਸ ਇਕ ਵਾਰ ਮੁੜ 15 ਸੀਟਾਂ 'ਤੇ ਹੀ ਚੋਣ ਲੜ ਸਕਦੀ ਹੈ।

ਇਨ੍ਹਾਂ ਸੂਬਿਆਂ 'ਚ ਸਮਝੌਤਾ ਕਰੇਗੀ ਕਾਂਗਰਸ
| ਸੂਬਾ | ਕੁਲ ਸੀਟਾਂ | ਕਾਂਗਰਸ ਦੀਆਂ ਸੀਟਾਂ |
| ਉੱਤਰ ਪ੍ਰਦੇਸ਼ | 80 | 7 |
| ਬਿਹਾਰ | 40 | 8 |
| ਕਰਨਾਟਕ | 28 | 20 |
| ਕੇਰਲਾ | 20 | 15 |
| ਝਾਰਖੰਡ | 20 | 8 |
| ਮਹਾਰਾਸ਼ਟਰ | 48 | 24 |
| ਤਾਮਿਲਨਾਡੂ | 39 | 8 |
117 ਸੀਟਾਂ 'ਤੇ ਸਿੱਧਾ ਮੁਕਾਬਲਾ
ਇਨ੍ਹਾਂ ਸੂਬਿਆਂ ਤੋਂ ਇਲਾਵਾ ਕਈ ਸੂਬਿਆਂ 'ਚ ਕਾਂਗਰਸ ਦਾ ਭਾਜਪਾ ਦੇ ਨਾਲ ਸਿੱਧਾ ਮੁਕਾਬਲਾ ਹੈ। ਪਾਰਟੀ ਦੇ ਰਣਨੀਤੀਕਾਰਾਂ ਨੇ 7 ਸੂਬਿਆਂ 'ਚ ਬਿਨਾਂ ਗਠਜੋੜ ਦੇ ਚੋਣ ਲੜਨ ਦਾ ਸੁਝਾਅ ਦਿੱਤਾ ਹੈ। ਪਾਰਟੀ ਗੁਜਰਾਤ, ਰਾਜਸਥਾਨ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਆਪਣੇ ਜ਼ੋਰ 'ਤੇ ਚੋਣ ਲੜੇਗੀ। ਇਨ੍ਹਾਂ 7 ਸੂਬਿਆਂ ਵਿਚੋਂ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਪਾਰਟੀ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਅਤੇ 3 ਸੂਬਿਆਂ 'ਚ ਪਾਰਟੀ ਨੇ ਸਰਕਾਰ ਵੀ ਬਣਾਈ ਹੈ। ਲਿਹਾਜ਼ਾ ਪਾਰਟੀ ਨੇਤਾਵਾਂ ਦੇ ਹੌਂਸਲੇ ਬੁਲੰਦ ਹਨ।
| ਸੂਬਾ | ਕੁਲ ਸੀਟਾਂ | ਕਾਂਗਰਸ ਦੀਆਂ ਸੀਟਾਂ |
| ਗੁਜਰਾਤ | 26 | 26 |
| ਰਾਜਸਥਾਨ | 25 | 25 |
| ਦਿੱਲੀ | 7 | 7 |
| ਹਰਿਆਣਾ | 10 | 10 |
| ਹਿਮਾਚਲ ਪ੍ਰਦੇਸ਼ | 4 | 4 |
| ਉਤਰਾਖੰਡ | 5 | 5 |
| ਮੱਧ ਪ੍ਰਦੇਸ਼ | 29 | 29 |
| ਛੱਤੀਸਗ਼ੜ੍ਹ | 14 | 14 |
| ਆਸਾਮ | 14 | 14 |
| ਆਂਧਰਾ ਪ੍ਰਦੇਸ਼ | 42 | 42 |
ਕਾਂਗਰਸ ਦੇ ਘੱਟ ਸੀਟਾਂ 'ਤੇ ਲੜਨ ਦਾ ਕਾਰਨ
ਦਰਅਸਲ, ਕਾਂਗਰਸ ਦੀ ਇਸ ਕੁਰਬਾਨੀ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਵਿਰੋਧੀ ਧਿਰ ਦਾ ਵੋਟ ਬਿਖੇਰਨ ਨਹੀਂ ਦੇਣਾ ਚਾਹੀਦਾ ਸੀ ਜਦਕਿ ਦੂਸਰਾ ਵੱਡਾ ਕਾਰਨ ਸੋਮਿਆਂ ਦੀ ਕਮੀ ਦਾ ਹੈ। ਕਾਂਗਰਸ ਕੋਲ ਪਿਛਲੀਆਂ ਚੋਣਾਂ ਜਿੰਨੀਆਂ ਸੀਟਾਂ 'ਤੇ ਲੜਨ ਲਈ ਸਾਧਨ ਨਹੀਂ ਹਨ, ਕਿਉਂਕਿ ਉਸ ਨੇ ਪਿਛਲੇ 4 ਸਾਲਾਂ ਦੌਰਾਨ ਕਈ ਸੂਬਿਆਂ 'ਚ ਸੱਤਾ ਗਵਾਈ ਹੈ ਅਤੇ ਦੇਸ਼ ਦੇ ਕਈ ਸੂਬਿਆਂ 'ਚ ਕਾਂਗਰਸ ਦਾ ਮਜ਼ਬੂਤ ਆਧਾਰ ਨਹੀਂ ਬਚਿਆ ਹੈ। ਸੰਗਠਨ ਦੇ ਪੱਧਰ 'ਤੇ ਵੀ ਕਾਂਗਰਸ 'ਚ ਬਹੁਤ ਕਮਜ਼ੋਰੀਆਂ ਹਨ। ਇਸ ਦੇ ਇਲਾਵਾ ਇਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਾਂਗਰਸ ਲੋਕਸਭਾ ਚੋਣਾਂ ਦੌਰਾਨ ਭਾਜਪਾ ਦੇ ਨਾਲ ਸਿੱਧੀ ਲੜਾਈ ਦਾ ਸੰਦੇਸ਼ ਨਹੀਂ ਦੇਣਾ ਚਾਹੁੰਦੀ।
ਕਾਂਗਰਸ ਨੂੰ ਅਗਲੀ ਸਰਕਾਰ ਬਣਨ ਦਾ ਭਰੋਸਾ
ਕਾਂਗਰਸ ਨੂੰ ਘੱਟ ਸੀਟਾਂ 'ਤੇ ਲੜਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਉਸ ਦਾ ਫੋਕਸ ਆਪਣੇ ਪ੍ਰਭਾਵ ਵਾਲੀਆਂ ਸੀਟਾਂ 'ਤੇ ਰਹੇਗਾ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਸੀਟਾਂ ਜਿੱਤਣ ਲਈ ਕਾਂਗਰਸ ਪੂਰਾ ਜ਼ੋਰ ਲਾ ਸਕੇਗੀ। ਕਾਂਗਰਸ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਜੇ ਲੋਕਸਭਾ ਚੋਣਾਂ 'ਚ ਉਸ ਦੀਆਂ ਸੀਟਾਂ 140 ਤੋਂ ਪਾਰ ਗਈਆਂ ਤਾਂ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ 'ਚ ਬਣੇਗੀ। ਕਾਂਗਰਸ ਦੇ ਨੇਤਾਵਾਂ ਦੇ ਇਸ ਭਰੋਸੇ ਦਾ ਕਾਰਨ 2004 ਦੀਆਂ ਚੋਣਾਂ ਹਨ। ਉਸ ਸਮੇਂ ਕਾਂਗਰਸ ਨੂੰ 145 ਸੀਟਾਂ ਹਾਸਲ ਹੋਈਆਂ ਸਨ ਅਤੇ ਭਾਜਪਾ 138 ਸੀਟਾਂ 'ਤੇ ਚੋਣ ਜਿੱਤੀ ਸੀ ਪਰ ਭਾਜਪਾ ਕੇਂਦਰ 'ਚ ਸਰਕਾਰ ਬਣਾਉਣ ਲਈ ਗਠਜੋੜ ਨਹੀਂ ਕਰ ਸਕੀ ਸੀ ਅਤੇ ਯੂ. ਪੀ. ਏ. ਦੀ ਸਰਕਾਰ ਦਾ ਗਠਨ ਹੋ ਗਿਆ ਸੀ। ਇਹ ਸਰਕਾਰ 10 ਸਾਲ ਚੱਲੀ।
ਆਸਾਮ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਸਸਪੈਂਸ ਕਾਇਮ
ਇਨ੍ਹਾਂ ਸੂਬਿਆਂ ਤੋਂ ਇਲਾਵਾ ਪੂਰਬ ਉੱਤਰ 'ਚ ਆਸਾਮ ਦੀਆਂ 14 ਸੀਟਾਂ 'ਤੇ ਕਾਂਗਰਸ ਇਕੱਲੇ ਲੜਨ ਦੀ ਬਜਾਏ ਸਹਿਯੋਗੀਆਂ ਦੀ ਭਾਲ ਕਰੇਗੀ, ਜਦਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ 42 ਸੀਟਾਂ 'ਤੇ ਵੀ ਪਾਰਟੀ ਨੂੰ ਮਜਬੂਤ ਸਹਿਯੋਗੀਆਂ ਦੀ ਭਾਲ ਰਹੇਗੀ। ਇਨ੍ਹਾਂ ਸੂਬਿਆਂ 'ਚ ਕਾਂਗਰਸ ਦੇ ਗਠਜੋੜ ਦੀ ਸਥਿਤੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਤੇਲੰਗਾਨਾ 'ਚ ਹਾਲ ਹੀ ਵਿਚ ਕਾਂਗਰਸ ਵੱਲੋਂ ਕੀਤਾ ਗਿਆ ਪ੍ਰਯੋਗ ਫੇਲ ਰਿਹਾ ਹੈ। ਲਿਹਾਜਾ ਕਾਂਗਰਸ ਜਾਂ ਟੀ. ਡੀ. ਪੀ. ਦੋਵਾਂ ਵਿਚੋਂ ਕੋਈ ਵੀ ਲੋਕਸਭਾ ਚੋਣਾਂ ਦੌਰਾਨ ਸਮਝੌਤੇ ਲਈ ਤਿਆਰ ਨਹੀਂ ਹੋਵੇਗਾ। ਸਹਿਯੋਗੀ ਨਾ ਮਿਲਣ ਦੀ ਸਥਿਤੀ 'ਚ ਕਾਂਗਰਸ ਇਨ੍ਹਾਂ ਤਿੰਨਾਂ ਸੂਬਿਆਂ ਦੀਆਂ 56 ਸੀਟਾਂ ਤੋਂ ਇਲਾਵਾ ਪੂਰਬ ਉੱਤਰ ਦੀਆਂ ਹੋਰਨਾਂ ਸੀਟਾਂ 'ਤੇ ਵੀ ਇਕੱਲਿਆਂ ਮੈਦਾਨ 'ਚ ਉਤਰ ਸਕਦੀ ਹੈ।
