ਲੋਕ ਸਭਾ ਚੋਣਾਂ : ਅਬੋਹਰ ਇਲਾਕਾ ਪੁਲਸ ਛਾਉਣੀ ''ਚ ਤਬਦੀਲ

05/18/2019 6:13:37 PM

ਅਬੋਹਰ (ਰਹੇਜਾ) : ਲੋਕ ਸਭਾ ਚੋਣਾਂ ਨੂੰ ਮੁੱਖ ਰਖਦੇ ਹੋਏ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਵਾਉਣ ਲਈ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਚੱਪੇ-ਚੱਪੇ 'ਤੇ ਸੁੱਰਖਿਆ ਦੇ ਕਰੜੇ ਪ੍ਰਬੰਧ ਕੀਤੇ ਹਨ। ਦੋਹਾਂ ਵਿਧਾਨ ਸਭਾ ਹਲਕਿਆਂ 'ਤੇ ਪੰਜਾਬ ਪੁਲਸ ਦੇ ਨਾਲ ਤਮਿਲਨਾਡੂ ਦੀ ਸਪੈਸ਼ਲ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਮਗਾਰਡ ਦੇ ਜਵਾਨ ਵੀ ਸਾਰੇ ਬੂਥਾਂ 'ਤੇ ਪੁਲਸ ਦੇ ਨਾਲ ਡਿਊਟੀ ਦੇਣਗੇ। ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਕਮਾਂਡੋ ਫੋਰਸ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। 
ਕੁਝ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਬਕੈਕ ਕੈਟ ਕਮਾਂਡੋ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਪੁਲਸ ਵੱਲੋਂ ਮਤਦਾਨ ਤੋਂ ਕੁਝ ਘੰਟੇ ਪਹਿਲਾਂ ਪੌਲਿੰਗ ਬੂਥਾਂ ਲਈ ਰਵਾਨਾ ਕੀਤੇ ਚੋਣ ਡਿਊਟੀ ਸਟਾਫ ਦੇ ਨਾਲ ਪੁਲਸ ਫੋਰਸ ਵੀ ਭੇਜੀ ਗਈ ਹੈ। ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਸਾਰੇ ਪੋਲਿੰਗ ਬੂਥਾਂ ਦੀ ਨਿਗਰਾਨੀ ਲਈ ਅਬੋਹਰ ਦੇ ਪੁਲਸ ਕਪਤਾਨ ਤੋਂ ਇਲਾਵਾ ਦੋ ਡੀ. ਐੱਸ. ਪੀ. ਦੀ ਨਿਗਰਾਨੀ ਵਿਚ ਰਿਜ਼ਰਵ ਫੋਰਸ ਵੀ ਲਗਾਈ ਗਈ ਹੈ। ਪੁਲਸ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕਰੜੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ। ਪੁਲਸ ਅਤੇ ਸਬ ਡਿਵੀਜ਼ਨਲ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਸੁਤੰਤਰ ਚੋਣਾਂ ਲਈ ਪੋਲਿੰਗ ਬੂਥਾਂ ਦੇ ਬਾਹਰ ਭੀੜ ਤੋਂ ਇਕੱਤਰ ਹੋਣ ਤੋਂ ਰੋਕਣ ਲਈ ਸਪੈਸ਼ਲ ਫੋਰਸ ਦਾ ਇੰਤਜਾਮ ਕੀਤਾ ਗਿਆ ਹੈ।


Gurminder Singh

Content Editor

Related News