ਮੌੜ ਮੰਡੀ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, 75.28 ਫੀਸਦੀ ਵੋਟਿੰਗ

Wednesday, May 27, 2026 - 10:52 AM (IST)

ਮੌੜ ਮੰਡੀ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, 75.28 ਫੀਸਦੀ ਵੋਟਿੰਗ

ਮੌੜ ਮੰਡੀ (ਪ੍ਰਵੀਨ) : ਮੌੜ ਨਗਰ ਕੌਂਸਲ ਦੀਆਂ ਚੋਣਾਂ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ ਤੇ 75.28 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸ਼ਹਿਰ ਦੇ ਛੇ, ਅੱਠ ਅਤੇ 16 ਨੰਬਰ ਵਾਰਡ ’ਚ ਸੱਤਾਧਿਰ ਵਿਧਾਇਕ ਦੀ ਫੇਰੀ ਕਾਰਨ ਮਾਹੌਲਤਣਾਅ ਪੂਰਨ ਬਣਿਆ ਰਿਹਾ। ਸਥਾਨਕ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਚੋਣ ਲੜ ਰਹੇ 75 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਰਾਂ ਵੱਲੋਂ ਬੈਲਟ ਬਕਸਿਆਂ ’ਚ ਬੰਦ ਕਰ ਦਿੱਤੀ ਗਈ। ਭਾਰੀ ਗਰਮੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵੋਟਰ ਵੋਟ ਪਾਉਣ ਲਈ ਚੋਣ ਕੇਂਦਰਾਂ ’ਤੇ ਪੁੱਜੇ। ਇਸ ਦੇ ਚੱਲਦਿਆਂ ਲਗਭਗ 75 ਫ਼ੀਸਦੀ ਦੇ ਕਰੀਬ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਪਰ ਵਾਰਡ ਨੰਬਰ 6 ਤੇ ਖਾਲਸਾ ਹੀ ਸਕੂਲ ਬੂਥ ਅੰਦਰ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਵਾਰਡ ਨੰਬਰ ਛੇ ਦੇ ਅਕਾਲੀ ਉਮੀਦਵਾਰ ਗੁਰਜੀਤ ਸਿੰਘ ਗਿੰਨੀ ਵਿਚਾਲੇ ਪੋਲਿੰਗ ਬੂਥ ਅੰਦਰ ਭਾਰੀ ਤਕਰਾਰਬਾਜ਼ੀ ਦੇਖਣ ਨੂੰ ਮਿਲੀ। ਉਧਰ ਵਾਰਡ ਨੰਬਰ ਅੱਠ ’ਚ ਪ੍ਰਾਇਮਰੀ ਖਾਲਸਾ ਹਾਈ ਸਕੂਲ ਦੇ ਬੂਥ ਉੱਪਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਮੌਜੂਦਾ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਪਹੁੰਚੇ ਤਾਂ ਦੋਹਾਂ ’ਚ ਵੋਟਾਂ ਨੂੰ ਲੈ ਕੇ ਭਾਰੀ ਤਕਰਾਰਬਾਜ਼ੀ ਹੋਈ ਅਤੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ।

ਇਸ ਮੌਕੇ ਪੁਲਸ ਪ੍ਰਸ਼ਾਸਨ ਨੇ ਬੜੀ ਮੁਸ਼ਕਿਲ ਨਾਲ ਮੌਕਾ ਸੰਭਾਲਿਆ ਅਤੇ ਸਥਿਤੀ ਨੂੰ ਕਾਬੂ ਕੀਤਾ ਪਾਇਆ। ਵਾਰਡ ਨੰਬਰ 14 ਅਤੇ ਵਾਰਡ ਨੰਬਰ 16 ’ਚ ਵੀ ਸੱਤਾਧਾਰੀ ਪਾਰਟੀ ਵੱਲੋਂ ਜਾਅਲੀ ਵੋਟਰਾਂ ਨੂੰ ਸ਼ਹਿ ਦਿੱਤੇ ਜਾਣ ਕਾਰਨ ਕਈ ਵਾਰੀ ਤਣਾਅਪੂਰਨ ਮਾਹੌਲ ਬਣਿਆ ਅਤੇ ਦੋ ਜਾਅਲੀ ਵੋਟਰਾਂ ਨੂੰ ਪ੍ਰਸ਼ਾਸਨ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਜਦ ਪੁਲਸ ਜਾਅਲੀ ਵੋਟਰਾਂ ਨੂੰ ਥਾਣਾ ਮੌੜ ਵਿਖੇ ਲਿਜਾ ਰਹੀ ਸੀ ਤਾਂ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਪੁਲਸ ਦੀ ਗੱਡੀ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਇਨ੍ਹਾਂ ਵਾਰਡਾਂ ’ਚ ਪੁਲਸ ਅਧਿਕਾਰੀ ਯਾਦਵਿੰਦਰ ਸਿੰਘ ਆਬਜ਼ਰਵਰ ਵੱਲੋਂ ਸਖਤ ਡਿਊਟੀ ਦਿੱਤੀ ਗਈ, ਜਿਸ ਕਾਰਨ ਮਾਹੌਲ ਸ਼ਾਂਤ ਹੋਇਆ ਅਤੇ ਵੋਟਾਂ ਸ਼ਾਂਤੀ ਨਾਲ ਨੇਪਰੇ ਚੜ੍ਹ ਸਕੀਆਂ।


author

Babita

Content Editor

Related News