ਲੋਕ ਸਭਾ ਚੋਣਾਂ ''ਚ ਨਿੱਤਰਿਆ ਬਰਗਾੜੀ ਮੋਰਚਾ, 4 ਉਮੀਦਵਾਰ ਐਲਾਨੇ

02/06/2019 6:56:22 PM

ਬਠਿੰਡਾ : ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ, ਨਿਹੱਥੀਆਂ ਸੰਗਤਾਂ ਦਾ ਕਤਲੇਆਮ ਕਰਨ ਵਾਲੇ ਪੁਲਸ ਅਫਸਰਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਾਢੇ ਛੇ ਮਹੀਨੇ ਲੱਗਾ ਬਰਗਾੜੀ ਇਨਸਾਫ ਮੋਰਚਾ ਹੁਣ 'ਚੋਣ ਮੋਰਚੇ' ਵਿਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ। ਸਰਬੱਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੱਜ ਦੂਸਰਾ ਪੜਾਅ ਸਿਆਸੀ ਤੌਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਬਰਗਾੜੀ ਮੋਰਚੇ ਨਾਲ ਜੁੜੀਆਂ ਧਿਰਾਂ ਵੱਲੋਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਧਾਰਮਿਕ ਅਤੇ ਸਿਆਸੀ ਤੌਰ 'ਤੇ ਦੁਸ਼ਮਣ ਰਾਜਨੀਤਿਕ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਮੁਕਤ ਕਰਵਾਇਆ ਜਾ ਸਕੇ। 
ਜਥੇਦਾਰ ਮੰਡ ਵੱਲੋਂ ਬੁੱਧਵਾਰ ਨੂੰ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਬਰਗਾੜੀ ਮੋਰਚੇ ਦੇ ਚਾਰ ਉਮੀਦਵਾਰਾਂ ਜਿਸ ਵਿਚ ਬਠਿੰਡਾ ਤੋਂ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ, ਖਡੂਰ ਸਾਹਿਬ ਤੋਂ ਭਾਈ ਮੋਹਕਮ ਸਿੰਘ, ਸ੍ਰੀ ਅਨੰਦਪੁਰ ਸਾਹਿਬ ਤੋਂ ਬਿਕਰਮ ਸਿੰਘ ਸੋਢੀ ਅਤੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਦੀਆਂ ਸੀਟਾਂ 'ਤੇ ਵੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਅਤੇ ਪੰਜਾਬ ਵਿਰੋਧੀ ਮੁੱਖ ਤਿੰਨ ਧਿਰਾਂ ਨੂੰ ਹਰਾਉਣ ਲਈ ਪੰਥ ਹਿਤੈਸ਼ੀ ਸਿਆਸੀ ਪਾਰਟੀਆਂ ਨਾਲ ਗਠਜੋੜ ਲਈ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜਿਸ ਲਈ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। 
ਉਨ੍ਹਾਂ ਕਿਹਾ ਕਿ ਅੱਜ ਪੰਥ ਅਤੇ ਪੰਜਾਬ ਨੂੰ ਹਰ ਪਾਸੇ ਦਰਪੇਸ਼ ਸਮੱਸਿਆਵਾਂ ਅਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਹੱਲ ਕਰਨ ਲਈ ਹਾਕਮ ਧਿਰ ਗੰਭੀਰ ਨਹੀਂ ਹੈ, ਜਿਸ ਕਰਕੇ ਧਾਰਮਿਕ ਤੌਰ 'ਤੇ ਬਾਦਲ ਦਲ ਨੂੰ ਖਤਮ ਕਰਨ ਅਤੇ ਸਿਆਸੀ ਤੌਰ ਤੇ ਪੰਥ ਅਤੇ ਪੰਜਾਬ ਵਿਰੋਧੀ ਕਾਂਗਰਸ ਤੇ ਕੇਂਦਰ ਦੀ ਭਾਜਪਾ ਨੂੰ ਖਤਮ ਕਰਨ ਲਈ ਬਰਗਾੜੀ ਮੋਰਚੇ ਰਾਹੀਂ ਦੂਜਾ ਪੜਾਅ ਸ਼ੁਰੂ ਕੀਤਾ ਜਾ ਰਿਹਾ ਹੈ।


Gurminder Singh

Content Editor

Related News