ਖੰਨਾ ਪੁਜੇ ਸੁਖਬੀਰ ਨੇ ਕਿਹਾ ਮੰਤਰੀ ਰੰਧਾਵਾ ਮੈਂਟਲ
Monday, Apr 01, 2019 - 06:20 PM (IST)
ਖੰਨਾ (ਬਿਪਨ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਨ, ਓਦੋਂ ਤੋਂ ਸੂਬੇ ਦਾ ਵਿਕਾਸ ਰੁਕ ਗਿਆ ਹੈ। ਕੈਪਟਨ ਨੇ ਸੱਤਾ ਵਿਚ ਆਉਣੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ ਅਤੇ ਝੂਠ ਬੋਲੇ ਪਰ ਸੱਤਾ 'ਚ ਆਉਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸੁਖਬੀਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਦੋ ਸਾਲ ਵਿਚ ਇਕ ਵੀ ਗਰਾਂਟ ਨਹੀਂ ਆਈ। ਐੱਸ. ਸੀ. ਸਕਾਲਰਸ਼ਿਪ ਨਹੀਂ ਆਈ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਤੋਂ ਸਪੱਸ਼ਟ ਹੈ ਕਿ ਦਫਤਰ ਵਿਚ ਹੀ ਡਰੱਗ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੈਂਟਲ ਆਖਦਿਆਂ ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬੁਰਾ ਹਾਲ ਹੈ।1500 ਕਰੋੜ ਰੁਪਿਆ ਕਾਲਜਾਂ ਦਾ ਬਕਾਇਆ ਹੈ ਜਦਕਿ ਗਰੀਬਾਂ ਨੂੰ ਬਿਜਲੀ ਰਾਹਤ ਵੀ ਬੰਦ ਕਰ ਦਿੱਤੀ ਗਈ ਹੈ। ਸਰਕਾਰ ਨੇ ਸੇਵਾ ਕੇਂਦਰ ਤਕ ਬੰਦ ਕਰ ਦਿੱਤੇ ਹਨ। ਸੁਖਬੀਰ ਨੇ ਕਿਹਾ ਕਿ ਪਾਦਰੀ ਕੋਲੋਂ ਪੁਲਸ ਨੇ 16 ਕਰੋੜ ਰੁਪਿਆ ਜ਼ਬਤ ਕੀਤਾ ਜਦਕਿ ਵਿਖਾਇਆ ਸਿਰਫ 9 ਕਰੋੜ ਹੀ ਗਿਆ ਬਾਕੀ ਪੈਸਾ ਕਿੱਥੇ ਗਿਆ।
ਸੁਖਬੀਰ ਸਾਹਮਣੇ ਹੀ ਵੇਖਣ ਨੂੰ ਮਿਲੀ ਗੁੱਟਬਾਜ਼ੀ
ਰੈਲੀ ਵਿਚ ਸੁਖਬੀਰ ਸਾਹਮਣੇ ਹੀ ਪਾਰਟੀ ਦੀ ਗੁੱਟਬਾਜ਼ੀ ਖੁੱਲ੍ਹ ਕੇ ਵੇਖਣ ਨੂੰ ਮਿਲੀ। ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿਚ ਪੁੱਜੇ ਅਕਾਲੀ ਨੇਤਾ ਰੈਲੀ ਵਿਚ ਜਗ੍ਹਾ ਨਾ ਮਿਲਣ ਕਾਰਨ ਜ਼ਮੀਨ 'ਤੇ ਹੀ ਬੈਠ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਯਾਦਵਿੰਦਰ ਸਿੰਘ ਯਾਦੂ ਗਰੁੱਪ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੇ ਖਿਲਾਫ ਹੈ।