ਕਦੇ ਕਾਂਗਰਸ ਦਾ ਕਿਲਾ ਤਾਂ ਕਦੇ ਭਾਜਪਾ ਦਾ ਗੜ੍ਹ ਬਣਦਾ ਰਿਹਾ ਲੋਕ ਸਭਾ ਹਲਕਾ ਗੁਰਦਾਸਪੁਰ

Saturday, Mar 16, 2019 - 01:34 PM (IST)

ਕਦੇ ਕਾਂਗਰਸ ਦਾ ਕਿਲਾ ਤਾਂ ਕਦੇ ਭਾਜਪਾ ਦਾ ਗੜ੍ਹ ਬਣਦਾ ਰਿਹਾ ਲੋਕ ਸਭਾ ਹਲਕਾ ਗੁਰਦਾਸਪੁਰ

ਗੁਰਦਾਸਪੁਰ, (ਹਰਮਨਪ੍ਰੀਤ)- ਲੋਕ ਸਭਾ ਹਲਕਾ ਗੁਰਦਾਸਪੁਰ ਦਾ ਚੋਣ ਇਤਿਹਾਸ ਬੇਹੱਦ ਰੋਚਕ ਹੈ, ਜਿਥੇ ਆਜ਼ਾਦੀ ਤੋਂ ਬਾਅਦ ਹੋਈਆਂ 18 ਲੋਕ ਸਭਾ ਚੋਣਾਂ (ਜ਼ਿਮਨੀ ਚੋਣਾਂ ਸਮੇਤ) ਦੌਰਾਨ ਬਹੁਤੀ ਵਾਰ ਕਾਂਗਰਸ ਨੇ ਹੀ ਜਿੱਤਾਂ ਦਰਜ ਕੀਤੀਆਂ ਹਨ। ਇਸ ਹਲਕੇ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ 1996 ਤੋਂ ਪਹਿਲਾਂ ਸਿਰਫ 1977 ਦੀ ਚੋਣ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਚੋਣਾਂ ਦੌਰਾਨ ਹੀ ਕਾਂਗਰਸੀ ਉਮੀਦਵਾਰ ਜਿੱਤਦੇ ਰਹੇ ਹਨ, ਜਿਸ ਕਾਰਨ ਕਾਂਗਰਸ ਦੇ ਇਸ ਕਿਲੇ ਨੂੰ ਫਤਹਿ ਕਰਨ ਲਈ 1998 ਵਿਚ ਅਕਾਲੀ ਦਲ ਅਤੇ ਭਾਜਪਾ ਨੇ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿਚ ਲਿਆਂਦਾ, ਜਿਨ੍ਹਾਂ ਨੇ ਨਾ ਸਿਰਫ ਇਸ ਕਾਂਗਰਸੀ ਹਲਕੇ ’ਤੇ ਭਾਜਪਾ ਦਾ ਝੰਡਾ ਬੁਲੰਦ ਕੀਤਾ ਸਗੋਂ ਉਨ੍ਹਾਂ ਨੇ ਲਗਾਤਾਰ ਤਿੰਨ ਜਿੱਤਾਂ ਦਰਜ ਕਰ ਕੇ ਇਸ ਹਲਕੇ ਨੂੰ ਭਾਜਪਾ ਦਾ ਪੱਕਾ ਗਡ਼੍ਹ ਬਣਾ ਦਿੱਤਾ ਪਰ ਨਾਲ ਹੀ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ’ਚੋਂ ਕਿਸੇ ਇਕ ਲਈ ਸੈਲੀਬ੍ਰਿਟੀ ਨੂੰ ਮੈਦਾਨ ’ਚ ਉਤਾਰਨਾ ਵੱਡੀ ਮਜਬੂਰੀ ਬਣਦਾ ਆ ਰਿਹਾ ਹੈ। ਜਿਵੇ ਕਿ ਹੁਣ ਅਭਿਨੇਤਾ ਅਕਸ਼ੈ ਖੰਨਾ ਜਾਂ ਫਿਰ ਕਵਿਤਾ ਖੰਨਾ ਨੂੰ ਚੋਣਾਂ ’ਚ ਉਤਾਰੇ ਜਾਣ ਦੀ ਚਰਚਾ ਹੈ।
13 ਵਾਰ ਕਾਂਗਰਸ ਜਿੱਤ ਚੁੱਕੀ ਹੈ ਚੋਣ-

ਇਸ ਹਲਕੇ ਵਿਚ 1952, 1957, 1962, 1967, 1970, 1971, 1980, 1985, 1989, 1992, 1996, 2009 ਤੇ 2017 ’ਚ ਕਾਂਗਰਸ ਨੇ ਜਿੱਤਾਂ ਦਰਜ ਕੀਤੀਆਂ ਹਨ, ਜਦੋਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਪਹਿਲੀ ਵਾਰ ਕਿਸੇ ਗੈਰ-ਕਾਂਗਰਸੀ ਉਮੀਦਵਾਰ ਨੂੰ 1977 ਵਿਚ ਜਿੱਤ ਨਸੀਬ ਹੋਈ। ਉਸ ਮੌਕੇ ਦੇਸ਼ ਅੰਦਰ ਐਮਰਜੈਂਸੀ ਲਾਏ ਜਾਣ ਦੇ ਜਲਦੀ ਬਾਅਦ ਹੋਈਆਂ ਚੋਣਾਂ ਦੌਰਾਨ ਜਨਤਾ ਪਾਰਟੀ ਦੇ ਉਮੀਦਵਾਰ ਯੱਗਿਆ ਦੱਤ ਚੋਣ ਜਿੱਤੇ ਸਨ। ਉਸ ਉਪਰੰਤ 1998, 1999 ਤੇ 2004 ’ਚ ਲਗਾਤਾਰ ਤਿੰਨ ਵਾਰ ਵਿਨੋਦ ਖੰਨਾ ਨੇ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ’ਚ ਪਾਈ, ਜਦੋਂ ਕਿ 2014 ’ਚ ਵੀ ਵਿਨੋਦ ਖੰਨਾ ਇਥੋਂ ਜਿੱਤ ਕੇ ਚੌਥੀ ਵਾਰ ਲੋਕ ਸਭਾ ਮੈਂਬਰ ਬਣੇ। 

 1952  ਕਾਂਗਰਸ  ਤੇਜਾ ਸਿੰਘ ਅਕਰਪੁਰੀ 
1957 ਕਾਂਗਰਸ  ਦੀਵਾਨ ਚੰਦ ਸ਼ਰਮਾ
1962 ਕਾਂਗਰਸ ਦੀਵਾਨ ਚੰਦ ਸ਼ਰਮਾ
 1967 ਕਾਂਗਰਸ  ਦੀਵਾਨ ਚੰਦ ਸ਼ਰਮਾ
1970  (ਜ਼ਿਮਨੀ ਚੋਣ)ਕਾਂਗਰਸ ਪ੍ਰਬੋਧ ਚੰਦਰ
 1971 ਕਾਂਗਰਸ ਪ੍ਰਬੋਧ ਚੰਦਰ
1977  ਜਨਤਾ ਪਾਰਟੀ ਯੱਗਿਆ ਦੱਤ ਸ਼ਰਮਾ
1980 ਕਾਂਗਰਸ  ਸੁਖਬੰਸ ਕੌਰ ਭਿੰਡਰ
1985 ਕਾਂਗਰਸ  ਸੁਖਬੰਸ ਕੌਰ ਭਿੰਡਰ
1989 ਕਾਂਗਰਸ  ਸੁਖਬੰਸ ਕੌਰ ਭਿੰਡਰ
 1992 ਕਾਂਗਰਸ  ਸੁਖਬੰਸ ਕੌਰ ਭਿੰਡਰ
1996 ਕਾਂਗਰਸ  ਸੁਖਬੰਸ ਕੌਰ ਭਿੰਡਰ
 1998  ਭਾਜਪਾ ਵਿਨੋਦ ਖੰਨਾ
1999  ਭਾਜਪਾ ਵਿਨੋਦ ਖੰਨਾ
 2004    ਭਾਜਪਾ ਵਿਨੋਦ ਖੰਨਾ
2009 ਕਾਂਗਰਸ ਪ੍ਰਤਾਪ ਸਿੰਘ ਬਾਜਵਾ
 2014  ਭਾਜਪਾ ਵਿਨੋਦ ਖੰਨਾ
 2017 (ਜ਼ਿਮਨੀ ਚੋਣ) ਕਾਂਗਰਸ ਸੁਨੀਲ ਜਾਖੜ

 


ਗਠਜੋੜ ਦੇ ਬਾਅਦ ਹੀ ਨਸੀਬ ਹੋਈ ਅਕਾਲੀ-ਭਾਜਪਾ ਨੂੰ ਜਿੱਤ-
1998 ਤੋਂ ਪਹਿਲਾਂ ਇਸ ਹਲਕੇ ਅੰਦਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਆਪਣੇ-ਆਪਣੇ ਚੋਣ ਨਿਸ਼ਾਨਾਂ ’ਤੇ ਚੋਣ ਲਡ਼ਦੇ ਰਹੇ ਸਨ, ਜਿਸ ਕਾਰਨ ਕਦੇ ਵੀ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਜਿੱਤ ਨਸੀਬ ਨਹੀਂ ਹੋਈ ਪਰ 1997 ਵਿਚ ਇਨ੍ਹਾਂ ਦੋਹਾਂ ਪਾਰਟੀਆਂ ਦੇ ਹੋਏ ਗਠਜੋੜ ਉਪਰੰਤ ਜਦੋਂ ਇਨ੍ਹਾਂ ਦੋਹਾਂ ਪਾਰਟੀਆਂ ਦਾ ਵੋਟ ਬੈਂਕ ਇਕੱਠਾ ਹੋਣ ਕਾਰਨ ਵੱਡੀ ਸ਼ਕਤੀ ਬਣ ਗਿਆ ਅਤੇ ਨਾਲ ਹੀ ਪਾਰਟੀ ਨੇ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਲਿਆ ਤਾਂ ਉਦੋਂ ਤੋਂ ਇਸ ਗਠਜੋੜ ਨੂੰ ਲਗਾਤਾਰ ਤਿੰਨ ਜਿੱਤਾਂ ਨਸੀਬ ਹੋਈਆਂ। ਜਿਸ ਉਪਰੰਤ ਇਕ ਵਾਰ ਹਾਰਨ ਦੇ ਬਾਅਦ ਮੁੜ ਇਕ ਹੋਰ ਜਿੱਤ ਇਸ ਗਠਜੋੜ ਦੀ ਝੋਲੀ ’ਚ ਪਈ। 
 

ਸੈਲੀਬ੍ਰਿਟੀ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮਜਬੂਰੀ-
ਇਸ ਹਲਕੇ ਅੰਦਰ ਹਮੇਸ਼ਾ ਵਿਨੋਦ ਖੰਨਾ ਦਾ ਕੁੱਝ ਸਿਆਸੀ ਵਿਰੋਧੀਆਂ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਜਾਂਦਾ ਰਿਹਾ ਹੈ ਕਿ ਉਹ ਹਲਕੇ ਦੇ ਰਹਿਣ ਵਾਲੇ ਨਹੀਂ ਹਨ। ਇਸੇ ਆਧਾਰ ’ਤੇ ਹੀ ਭਾਜਪਾ ਦੇ ਆਗੂ ਸਵਰਨ ਸਲਾਰੀਆ ਦੇ ਸਮਰਥਕ ਵੀ ਇਸ ਟਿਕਟ ’ਤੇ ਸਲਾਰੀਆ ਦਾ ਹੱਕ ਵਿਨੋਦ ਖੰਨਾ ਜਾਂ ਉਨ੍ਹਾਂ ਦੀ ਪਤਨੀ ਨਾਲੋਂ ਜ਼ਿਆਦਾ ਦੱਸਦੇ ਰਹੇ ਹਨ। ਹੁਣ ਵੀ ਜਦੋਂ ਚੋਣਾਂ ਹੋਣ ਜਾ ਰਹੀਆਂ ਹਨ, ਤਾਂ ਅਜੇ ਵੀ ਸਿਆਸੀ ਹਲਕਿਆਂ ’ਚ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਇਨ੍ਹਾਂ ਚੋਣਾਂ ਦੌਰਾਨ ਵੀ ਇਸ ਹਲਕੇ ’ਚ ਕਿਸੇ ਸੈਲੀਬ੍ਰਿਟੀ ਨੂੰ ਉਤਾਰਨ ਦੀ ਵਿਚਾਰ ਕਰ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਨੇ ਵੀ ਇਸ ਹਲਕੇ ਅੰਦਰ ਸੁਨੀਲ ਜਾਖੜ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਅਤੇ ਹੁਣ ਵੀ ਉਨ੍ਹਾਂ ਨੂੰ ਹੀ ਇਸ ਹਲਕੇ ਅੰਦਰ ਸਭ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਜਿਨ੍ਹਾਂ ਦੇ ਸਾਹਮਣੇ ਕਿਸੇ ਵੱਡੇ ਸਿਆਸੀ ਕੱਦ ਜਾਂ ਲੋਕਾਂ ’ਚ ਹਰਮਨ ਪਿਆਰੇ ਚਿਹਰੇ ਨੂੰ ਵੀ ਚੋਣ ਮੈਦਾਨ ’ਚ ਉਤਾਰਨਾ ਭਾਜਪਾ ਦੀ ਮਜਬੂਰੀ ਸਮਝੀ ਜਾ ਰਹੀ ਹੈ। ਇਸੇ ਤਰ੍ਹਾਂ ਇਹ ਹਲਕਾ ਤਕਰੀਬਨ ਦੋਹਾਂ ਪ੍ਰਮੁੱਖ ਪਾਰਟੀਆਂ ’ਚੋਂ ਕਿਸੇ ਇਕ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ, ਜਿਸ ਕਾਰਨ ਦੂਸਰੀ ਧਿਰ ਵੱਲੋਂ ਕਿਸੇ ਵੱਡੇ ਚਿਹਰੇ ਜਾਂ ਸੈਲੀਬ੍ਰਿਟੀ ਨੂੰ ਚੋਣ ਮੈਦਾਨ ’ਚ ਉਤਾਰਨਾ ਉਸਦੀ ਮਜਬੂਰੀ ਬਣ ਜਾਂਦਾ ਹੈ। 

 


Related News