ਲੋਕ ਨਾਇਕ ਜੱਗਾ ਜੱਟ ਉਰਫ ਜੱਗਾ ਡਾਕੂ ਦੀ ਧੀ ਰੇਸ਼ਮ ਕੌਰ ਦਾ ਦਿਹਾਂਤ

01/05/2018 12:35:01 PM

ਅੰਮ੍ਰਿਤਸਰ (ਬਿਊਰੋ) - ਲੋਕ ਨਾਇਕ ਜੱਗਾ ਜੱਟ ਉਰਫ ਜੱਗਾ ਡਾਕੂ ਦੀ ਇਕਲੌਤੀ ਧੀ ਰੇਸ਼ਮ ਕੌਰ ਦੇ ਦਿਹਾਂਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ 4 ਜਨਵਰੀ 1892 'ਚ ਮੌਜੂਦਾ ਪਾਕਿਸਤਾਨ ਦੇ ਜ਼ਿਲਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿਖੇ ਜਨਮੇ ਜਗਤ ਸਿੰਘ ਜੱਗਾ ਉਰਫ ਜੱਗਾ ਡਾਕੂ ਦੀ ਇਕਲੌਤੀ ਧੀ ਬੀਬੀ ਰੇਸ਼ਮ ਕੌਰ ਕਰੀਬ 106 ਵਰ੍ਹੇ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਈ। ਵੀਰਵਾਰ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਨਵਾਲਾ ਅਣੂ ਦੇ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਜੱਗੇ ਦੀ ਪਤਨੀ ਬੀਬੀ ਇੰਦਰ ਕੌਰ ਨੂੰ ਜ਼ਿਲਾ ਮਾਨਸਾ 'ਚ ਜ਼ਮੀਨ ਅਲਾਟ ਕੀਤੀ ਗਈ ਸੀ ਤੇ ਬਾਅਦ 'ਚ ਉਸ ਨੇ ਆਪਣੀ ਧੀ ਰੇਸ਼ਮ ਕੌਰ ਨਾਲ ਪਿੰਡ ਬਨਾਵਾਲਾ ਅਣੂ ਕੇ ਰਹਿਣਾ ਸ਼ੁਰੂ ਕਰ ਦਿੱਤਾ। ਬੀਬੀ ਰੇਸ਼ਮ ਕੌਰ ਆਪਣੇ ਜ਼ਿੰਦਗੀ ਦੇ ਅੰਤ ਤੱਕ ਪੰਜਾਬੀਆਂ ਦੇ ਲੋਕ-ਨਾਇਕਾਂ ਨਾਲ ਇਨਸਾਫ ਕਰਦਿਆਂ ਉਸ ਦੇ ਪਿਤਾ ਦੇ ਨਾਂ ਨਾਲੋਂ ਡਾਕੂ ਸ਼ਬਦ ਹਟਾਏ ਜਾਣ ਦੀ ਮੰਗ ਕਰਦੀ ਰਹੀ। ਉਸ ਦਾ ਦਾਅਵਾ ਸੀ ਕਿ ਉਸ ਦਾ ਪਿਤਾ ਜਗਤ ਸਿੰਘ ਡਾਕੂ ਨਹੀਂ ਸਗੋਂ ਇਕ ਕ੍ਰਾਂਤੀਕਾਰੀ ਸੀ। ਉਸ ਦਾ ਸਾਫ ਤੌਰ 'ਤੇ ਕਹਿਣਾ ਸੀ ਕਿ ਅੰਗਰੇਜ਼ ਹਕੂਮਤ ਲਈ ਜੱਗਾ ਜੱਟ ਤੇ ਮੁਗਲ ਹਕੂਮਤ ਲਈ ਦੁੱਲਾ ਭੱਟੀ ਸਿਰਫ ਡਾਕੂ ਹੀ ਸਨ, ਕਿਉਂਕਿ ਹਰ ਹਕੂਮਤ ਆਪਣੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆ ਨੂੰ ਬਾਗੀ, ਲੁਟੇਰਾ ਡਾਕੂ ਜਾਂ ਅੱਤਵਾਦੀ ਆਦਿ ਨਾਵਾਂ ਨਾਲ ਹੀ ਸੰਬੋਧਿਤ ਕਰਦੀ ਆਈ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਕ੍ਰਾਂਤੀਕਾਰੀ ਜਾਂ ਸਮਾਜ ਸੁਧਾਰਕ ਹਕੂਮਤ ਦੀਆਂ ਨਜ਼ਰਾਂ 'ਚ ਡਾਕੂ ਜਾਂ ਦਹਿਸ਼ਤਗਰਦ ਹੋਣ, ਉਨ੍ਹਾਂ ਨੂੰ ਸਮਾਜ ਵੀ ਇਕ ਡਾਕੂ, ਲੁਟੇਰੇ ਜਾਂ ਅਪਰਾਧੀ ਦੀ ਹੈਸੀਅਤ ਨਾਲ ਹੀ ਯਾਦ ਰੱਖਿਆ ਜਾਵੇ। ਜਗਤ ਸਿੰਘ ਜੱਗਾ ਦੀ ਜ਼ਿੰਦਗੀ ਦੇ ਹਰ ਪਲ ਦੀ ਰਾਜ਼ਦਾਰ ਉਸ ਦੀ ਧੀ ਰੇਸ਼ਮ ਕੌਰ, ਜਿਸ ਨੂੰ ਉਹ ਨਾਲ ਗੋਬੇ ਕਹਿੰਦਾ ਸੀ, ਜੱਗੇ ਜੱਟ ਨੂੰ 'ਡਾਕੂ' ਦੇ ਰੂਪ 'ਚ ਪੇਸ਼ ਕਰਨ ਵਾਲੇ ਕਿੱਸਾਕਾਰਾਂ ਤੇ ਕਹਾਣੀਕਾਰਾਂ ਨਾਲ ਵੀ ਬਹੁਤ ਨਾਰਾਜ਼ ਰਹੀ। ਦੱਸਿਆ ਜਾਂਦਾ ਹੈ ਕਿ ਮਜ਼ਲੂਮ ਔਰਤਾਂ ਦੇ ਮਾਣ ਸਨਮਾਨ ਦੀ ਰਾਖੀ ਕਰਦਿਆਂ ਜੱਗੇ ਦੀ ਪਿੰਡ ਕਮਲੋਕਲ ਦੇ ਜੈਲਦਾਰ ਤੇ ਸ਼ੇਖੁਪੁਰਾ ਦੇ ਪੁਲਸ ਅਧਿਕਾਰੀ ਨਾਲ ਝੜਪ ਹੋਣ 'ਤੇ ਉਨ੍ਹਾਂ ਨੇ ਬਦਲਾ ਲੈਣ ਲਈ ਜੱਗੇ ਦੇ ਸਾਰੇ ਡੰਗਰ-ਪਸ਼ੂ ਆਪਣੇ ਕਬਜ਼ੇ 'ਚ ਲੈ ਲਏ, ਉਸ ਦੇ ਪਿੰਡ ਸਿੱਧੂਪੁਰ, ਅਟਾਰੀ ਤੇ ਤਲਵੰਡੀ ਵਿਚਾਲੇ ਤਿੰਨਾਂ ਖੂਹਾਂ ਦੇ ਬੰਨ੍ਹੇ ਢਾਹ ਕੇ ਉਨ੍ਹਾਂ ਨੂੰ ਮਿੱਟੀ ਤੇ ਗੰਦ ਨਾਲ ਭਰ ਦਿੱਤੇ ਤੇ ਖੇਤਾ 'ਚ ਖੜੀ ਫਸਲ 'ਤੇ ਸੁਹਾਰਾ ਫੇਰ ਦਿੱਤਾ ਤੇ ਅੱਗ ਲਗਵਾ ਦਿੱਤੀ। ਜ਼ੈਲਦਾਰ ਦੀ ਝੂਠੀ ਸ਼ਿਕਾਇਤ  'ਤੇ ਜੱਗੇ ਨੂੰ ਚਾਰ ਸਾਲ ਦੀ ਕੈਦ ਸਜ਼ਾ ਸੁਣਾਈ ਗਈ, ਪਰ ਉਹ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਬੱਚ ਨਿਕਲਿਆ ਤੇ ਭਗੌੜਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਹੀ ਟੋਲੀ ਤਿਆਰ ਕਰਕੇ ਬੰਦੂਕਾਂ ਤੇ ਗੋਲੀ-ਸਿੱਕਾ ਇਕੱਠਾ ਕੀਤਾ, ਕਿਉਂਕਿ ਤਾਨਾਸ਼ਾਹ ਤੇ ਗਰੀਬਾਂ ਦਾ ਲਹੂ ਚੂਸਣ ਵਾਲੇ ਜ਼ਾਲਮ ਸ਼ਾਹੂਕਾਰਾਂ ਦਾ ਮੁਕਾਬਲਾ ਕਰਨ ਲਈ ਉਸ ਨੂੰ ਬੰਦੂਕਾਂ ਦੀ ਲੋੜ ਸੀ। ਉਸ ਤੋਂ ਬਾਅਦ ਜੱਗੇ ਦੇ ਸਾਥੀਆਂ ਨੇ ਆਸ-ਪਾਸ ਦੇ ਪਿੰਡਾਂ ਕਾਲੂਖਾਰਾ, ਰਾਮ ਥੰਮ੍ਹਣ, ਘਮਿਆਰੀ ਮੰਡਿਆਲੀ, ਕਲਮੋਕਲਸ, ਭਾਈ ਫੇਰੂ ਆਦਿ ਪਿੰਡਾਂ 'ਚ ਰਹਿੰਦੇ ਗਰੀਬਾਂ ਦਾ ਲਹੂ ਚੂਸਣ ਵਾਲੇ ਸ਼ਾਹੂਕਾਰ ਦੀਆਂ ਹਵੇਲੀਆਂ 'ਚ ਕਈ ਡਾਕੇ ਮਾਰੇ ਤੇ ਧਨ ਦੌਲਤ ਲੁੱਟਣ ਦੇ ਨਾਲ-ਨਾਲ ਉਨ੍ਹਾਂ ਦੀਆਂ ਵਹੀਆਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਉਸ ਦੁਆਰਾ ਮਾਰੇ ਵੱਡੇ ਡਾਕਿਆ 'ਚੋਂ ਸੈਦਪੁਰ, ਲਾਇਲਪੁਰ, ਸਾਹੀਵਾਲ ਤੇ ਡਸਕਾ ਦੇ ਡਾਕੇ ਵਧੇਰੇ ਪ੍ਰਸਿੱਧ ਰਹੇ ਤੇ ਲੋਕ ਗੀਤਾਂ ਦਾ ਹਿੱਸਾ ਬਣ ਗਏ।  


Related News