ਲੋਹੜੀ ਵਾਲੇ ਦਿਨ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ
Saturday, Jan 14, 2023 - 02:23 AM (IST)
ਸੰਗਤ ਮੰਡੀ (ਮਨਜੀਤ)-ਪਿੰਡ ਮੱਲਵਾਲਾ ਵਿਖੇ ਬੀਤੀ ਸ਼ਾਮ ਉਸ ਸਮੇਂ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਿਆ, ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਖ਼ੇਤੋਂ ਪਾਣੀ ਲਗਾ ਕੇ ਘਰ ਆ ਰਹੇ ਦੀ ਟਰੈਕਟਰ ਪਲਟਣ ਕਾਰਨ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਬੂਟਾ ਸਿੰਘ (33) ਪੁੱਤਰ ਮਹਿੰਦਰ ਸਿੰਘ ਸੰਗਤ ਮੰਡੀ ਵਾਲੇ ਰਾਜਾ ਸਿੰਘ ਭੱਠੇ ਵਾਲੇ ਦੇ ਕਾਮਾ ਲੱਗਿਆ ਹੋਇਆ ਸੀ। ਬੀਤੀ ਸ਼ਾਮ ਬੂਟਾ ਸਿੰਘ ਰਾਜੇ ਦੇ ਰਿਸ਼ਤੇਦਾਰਾਂ ਦੀ ਕਣਕ ਨੂੰ ਪਾਣੀ ਲਗਾਉਣ ਅਤੇ ਯੂਰੀਆ ਖਾਦ ਪਾਉਣ ਲਈ ਖ਼ੇਤ ਆਇਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਇਨਸਾਨੀਅਤ ਹੋਈ ਸ਼ਰਮਸਾਰ, ਲੋਹੜੀ ਵਾਲੇ ਦਿਨ ਨਹਿਰ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
ਜਦ ਉਹ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਟਰੈਕਟਰ ’ਤੇ ਘਰ ਜਾ ਰਿਹਾ ਸੀ ਤਾਂ ਅਚਾਨਕ ਟਰੈਕਟਰ ਸੜਕ ਤੋਂ ਜ਼ਮੀਨ ’ਚ ਹੇਠਾਂ ਉਤਰ ਕੇ ਪਲਟ ਗਿਆ, ਜਿੱਥੇ ਬੂਟਾ ਸਿੰਘ ਟਰੈਕਟਰ ਦੇ ਹੇਠਾਂ ਆ ਗਿਆ, ਜਦ ਇਸ ਗੱਲ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਿਆ ਤਾਂ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋ ਗਏ, ਜਿਨ੍ਹਾਂ ਨੇ ਗੰਭੀਰ ਜ਼ਖ਼ਮੀ ਹੋਏ ਬੂਟਾ ਸਿੰਘ ਨੂੰ ਟਰੈਕਟਰ ਦੇ ਹੇਠੋਂ ਬਾਹਰ ਕੱਢ ਕੇ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਬਰਫ਼ਬਾਰੀ ਕਾਰਨ ਸ਼੍ਰੀਨਗਰ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਰੱਦ, ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ
ਲੋਹੜੀ ਵਾਲੇ ਦਿਨ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਿਆ। ਘਰ ’ਚ ਜਿੱਥੇ ਲੋਹੜੀ ਨੂੰ ਲੈ ਕੇ ਖ਼ੁਸ਼ੀਆਂ ਮਨਾਈਆਂ ਜਾਣੀਆਂ ਸਨ, ਉਥੇ ਹੁਣ ਵੈਣ ਪੈ ਰਹੇ ਹਨ, ਜੋ ਝੱਲੇ ਨਹੀਂ ਜਾ ਰਹੇ। ਪੁਲਸ ਵੱਲੋਂ ਮ੍ਰਿਤਕ ਬੂਟਾ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਅਤੇ ਸਰਪੰਚ ਪਾਲਾ ਰਾਮ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਆਪਣੀ ਪਤਨੀ ਤੋਂ ਇਲਾਵਾ ਤਿੰਨ ਛੋਟੇ-ਛੋਟੇ ਬੱਚੇ ਇਕ ਲੜਕਾ ਅਤੇ ਦੋ ਲੜਕੀਆਂ ਛੱਡ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ : 500 ਰੁਪਏ ਲਈ ਗੁਆਂਢੀ ਦੀ ਧੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ