ਸ਼ਾਰਟ-ਸਰਕਟ ਨਾਲ ਲੋਧੀ ਕਲੱਬ ਦਾ ਸਪਾਅ ਹੋਇਆ ਸੁਆਹ
Monday, Oct 09, 2017 - 07:40 AM (IST)

ਲੁਧਿਆਣਾ, (ਬਹਿਲ)- ਸ਼ਹਿਰ ਦੇ ਪ੍ਰਸਿੱਧ ਲੋਧੀ ਕਲੱਬ 'ਚ ਅੱਜ ਦੁਪਹਿਰ 1 ਵਜੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ 'ਚ ਕਲੱਬ ਦਾ ਸਪਾਅ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਸਪਾਅ 'ਚ ਸੋਨਾ, ਸਟੀਮ, ਜਿਊਲਰੀ ਰੂਮ ਅਤੇ ਮਸਾਜ ਪਾਰਲਰ ਅੱਗ ਦੀ ਲਪੇਟ 'ਚ ਆ ਗਏ। ਨੁਕਸਾਨ ਦਾ ਅਨੁਮਾਨ ਲੱਖਾਂ ਰੁਪਏ ਦੱਸਿਆ ਜਾ ਰਿਹਾ ਹੈ।
ਅੱਗ ਲੱਗਣ ਦੇ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਪਰ ਉਦੋਂ ਤੱਕ ਕਲੱਬ ਦਾ ਸਟਾਫ ਲੋਕਲ ਫਾਇਰ ਫਾਈਟਿੰਗ ਮਸ਼ੀਨਾਂ ਨਾਲ ਝੂਜਦਾ ਰਿਹਾ। ਅੱਗ ਇੰਨੀ ਭਿਆਨਕ ਸੀ ਕਿ ਸਪਾਅ ਦੇ ਨਾਲ-ਨਾਲ ਕਲੱਬ ਦੇ ਜਿਮ ਨੂੰ ਵੀ ਨੁਕਸਾਨ ਪੁੱਜਾ। ਫਾਇਰ ਬ੍ਰਿਗੇਡ ਨੇ ਇਕ ਘੰਟੇ ਤੱਕ ਜੱਦੋ-ਜਹਿਦ ਕਰ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸਪਾਅ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਨਾਲ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਕਲੱਬ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਇਲਾਕੇ ਦੇ ਨਾਇਬ ਤਹਿਸੀਲਦਾਰ ਨੂੰ ਮੌਕੇ 'ਤੇ ਭੇਜਿਆ।
6 ਮਹੀਨਿਆਂ ਤੋਂ ਕੀਤੀ ਜਾ ਰਹੀ ਸੀ ਸਪਾਅ ਦੀ ਰੈਨੋਵੇਸ਼ਨ ਦੀ ਮੰਗ
ਕਲੱਬ ਦੇ ਮੈਂਬਰ ਬਦੀਸ਼ ਜਿੰਦਲ ਅਨੁਸਾਰ ਉਹ ਪਿਛਲੇ 6 ਮਹੀਨਿਆਂ ਤੋਂ ਸਪਾਅ ਦੀ ਖਸਤਾ ਹਾਲਤ ਬਾਰੇ ਕਲੱਬ ਦੇ ਅਹੁਦੇਦਾਰਾਂ ਨੂੰ ਜਾਣੂ ਕਰਵਾ ਰਹੇ ਸਨ। ਕਲੱਬ 'ਚ ਸਪਾਅ ਦੀ ਸਥਿਤੀ ਪੂਰੀ ਤਰ੍ਹਾਂ ਬਦਤਰ ਸੀ ਅਤੇ ਕੋਈ ਵੀ ਦੁਰਘਟਨਾ ਕਿਸੇ ਵੀ ਸਮੇਂ ਹੋ ਸਕਦੀ ਸੀ। ਕਲੱਬ ਕੋਲ 8 ਕਰੋੜ ਰੁਪਏ ਹੋਣ ਦੇ ਬਾਵਜੂਦ ਸਪਾਅ ਦੀ ਰੈਨੋਵੇਸ਼ਨ ਦਾ ਕੰਮ ਨਹੀਂ ਹੋ ਰਿਹਾ ਸੀ। ਇਸ ਦਾ ਮੁੱਖ ਕਾਰਨ ਅਹੁਦੇਦਾਰਾਂ ਕੋਲ ਕਲੱਬ ਫੰਡ ਨੂੰ ਪ੍ਰਯੋਗ ਕਰਨ ਦੇ ਅਧਿਕਾਰ ਦਾ ਨਾ ਹੋਣਾ ਸੀ। ਕਲੱਬ ਮੈਂਬਰ ਇਹ ਵੀ ਮੰਗ ਕਰ ਰਹੇ ਹਨ ਕਿ ਕਲੱਬ 'ਚ ਮੈਂਬਰਾਂ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਤਾਂ ਕਿ ਕਲੱਬ ਦੀ ਜ਼ਿਆਦਾ ਬਿਹਤਰੀ ਹੋ ਸਕੇ।