ਟਿੱਡੀ ਦਲ ਦੇ ਹਮਲੇ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ : ਡੀ. ਸੀ.

Tuesday, Jun 02, 2020 - 01:52 PM (IST)

ਟਿੱਡੀ ਦਲ ਦੇ ਹਮਲੇ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ : ਡੀ. ਸੀ.

ਫਤਿਹਗੜ੍ਹ ਸਾਹਿਬ (ਸੁਰੇਸ਼, ਜਗਦੇਵ, ਬਖਸ਼ੀ, ਮੱਗੋ): ਟਿੱਡੀ ਦਲ ਦੇ ਸੰਭਾਵੀਂ ਹਮਲੇ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਪੰਚਾਇਤਾਂ ਨਾਲ ਤਾਲਮੇਲ ਕਰ ਕੇ ਟਿੱਡੀ ਦਲ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੂੰ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਇਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇ, ਜਿਸ ਦਾ ਨੰਬਰ ਲੋਕਾਂ ਤੱਕ ਪ੍ਰਚਾਰ ਸਾਧਨਾਂ ਰਾਹੀਂ ਪੁੱਜਦਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਟਿੱਡੀ ਦਲ ਦੇ ਠਹਿਰਣ ਵਾਲੇ ਸੰਭਾਵੀ ਥਾਵਾਂ ਦੀ ਸ਼ਨਾਖਤ ਕਰ ਕੇ ਉਥੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਇਸ ਕੰਮ 'ਚ ਨਗਰ ਕੌਂਸਲ ਦੀਆਂ ਫਾਇਰ ਟੈਂਡਰ, ਸਹਿਕਾਰੀ ਸਭਾਵਾਂ ਦੇ ਸਪਰੇਅ ਪੰਪਾਂ ਦੀ ਸਹਾਇਤਾ ਲਈ ਜਾਵੇ ਤਾਂ ਜੋ ਜ਼ਿਲੇ 'ਚ ਇਸ ਖਤਰੇ ਨੂੰ ਆਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਟਿੱਡੀ ਦਲ ਦੇ ਠਹਿਰਣ ਵਾਲੇ ਸਥਾਨਾਂ 'ਤੇ ਦਵਾਈ ਦਾ ਛਿੜਕਾਅ ਕਰਨ ਤੋਂ ਇਲਾਵਾ ਉਥੇ ਰਹਿ ਕੇ ਵੀ ਇਸ ਨੂੰ ਭਜਾਉਣ ਦੇ ਪ੍ਰਬੰਧ ਕੀਤੇ ਜਾਣ। ਸ਼੍ਰੀਮਤੀ ਗਿੱਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੈਸਟੀਸਾਈਡ ਦੁਰਘਟਨਾ ਸਬੰਧੀ ਮੁਢਲੀ ਸਹਾਇਤਾ ਦੇਣ ਲਈ ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਜਾਵੇ।

ਇਸ ਮੌਕੇ ਡਾ. ਸੰਧੂ ਨੇ ਦੱਸਿਆ ਕਿ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ ਸਿਰਫ ਸੁਚੇਤ ਰਹਿਣ ਦੀ ਲੋੜ ਹੈ। ਟਿੱਡੀ ਦਲ ਸ਼ਾਮ ਢਲੇ ਖੇਤਾਂ 'ਚ ਜਾਂ ਉੱਚੇ ਦਰੱਖਤਾਂ ਤੇ ਬੈਠ ਜਾਂਦਾ ਹੈ ਅਤੇ ਅਗਲੇ ਦਿਨ ਸੂਰਜ ਚੜ੍ਹਣ ਸਮੇਂ ਤੱਕ ਬੈਠਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰੋਕਥਾਮ ਮੁਹਿੰਮ 'ਚ ਸਰਕਾਰ ਦੇ ਨਾਲ-ਨਾਲ ਕਿਸਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਅਤੇ ਵਡਮੁੱਲੀ ਹੈ। ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਵੱਲੋਂ ਦਿਨ ਸਮੇਂ ਖੜਾਕ ਕਰ ਕੇ, ਪਟਾਕੇ ਚਲਾ ਕੇ ਢੋਲ ਵਜਾ ਕੇ, ਪੀਪੇ ਜਾਂ ਭਾਂਡੇ ਖੜਕਾ ਕੇ, ਉੱਚੀ ਆਵਾਜ਼ 'ਚ ਖੇਤਾਂ ਵਿੱਚ ਸਪੀਕਰਾਂ ਰਾਂਹੀ ਸ਼ੋਰ ਮਚਾ ਕੇ, ਟਿੱਡੀ ਦਲ ਨੂੰ ਫਸਲਾਂ ਤੇ ਬੈਠਣ ਤੋਂ ਰੋਕਿਆ ਜਾਵੇ ਤਾਂ ਜੋ ਇਹ ਫਸਲਾਂ ਦਾ ਨੁਕਸਾਨ ਨਾ ਕਰ ਸਕੇ। ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰੀਕ ਸਿੰਘ ਸਿੱਧੂ, ਐੱਸ. ਡੀ. ਐੱਮ. ਫਤਿਹਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐੱਸ. ਡੀ. ਐੱਮ. ਅਮਲੋਹ ਆਨੰਦ ਸਾਗਰ ਸ਼ਰਮਾ, ਐੱਸ. ਡੀ. ਐੱਮ. ਖਮਾਣੋਂ ਪਰਮਜੀਤ ਸਿੰਘ, ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਅਭਿਤੇਸ਼ ਸਿੰਘ ਸੰਧੂ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਵਿਪਨ ਰਾਮਪਾਲ, ਪਰਾਜੈਕਟ ਡਾਇਰੈਕਟਰ ਆਤਮਾ ਹਰਮਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।


author

Shyna

Content Editor

Related News