ਪੰਜਾਬ ''ਚ ''ਤਾਲਾਬੰਦੀ'' ਸਬੰਧੀ ਜਾਰੀ ਹੋ ਸਕਦੀਆਂ ਨੇ ਨਵੀਆਂ ਹਦਾਇਤਾਂ! (ਵੀਡੀਓ)
Monday, Aug 31, 2020 - 10:47 AM (IST)
ਚੰਡੀਗੜ੍ਹ : ਕੋਰੋਨਾ ਆਫ਼ਤ ਦੌਰਾਨ ਦੇਸ਼ ਭਰ 'ਚ ਅਨਲਾਕ-4 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਾਲਾਬੰਦੀ/ਕਰਫਿਊ ਦੀ ਗੱਲ ਨਹੀਂ ਕੀਤੀ ਗਈ ਪਰ ਪੰਜਾਬ ਸੂਬੇ 'ਚ ਸ਼ਨੀਵਾਰ ਅਤੇ ਐਤਵਾਰ ਦੀ ਤਾਲਾਬੰਦੀ ਅਤੇ ਰਾਤ ਦਾ ਕਰਫਿਊ ਲਾਗੂ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਇਕ ਚਿੱਠੀ ਲਿਖੀ ਗਈ ਹੈ।
ਅਸਲ 'ਚ ਕੋਰੋਨਾ ਕਾਰਨ ਵਿਗੜਦੇ ਸੂਬੇ ਦੇ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਖ਼ਤ ਹਦਾਇਤਾਂ ਅਜੇ ਜਾਰੀ ਰਹਿਣ, ਜਿਸ ਕਾਰਨ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਜਿਸ ਦਾ ਜਵਾਬ ਅੱਜ ਸ਼ਾਮ ਤੱਕ ਆ ਸਕਦਾ ਹੈ। ਇਸ ਚਿੱਠੀ ਤੋਂ ਬਾਅਦ ਹੀ ਸੂਬੇ ਅੰਦਰ ਨਵੀਆਂ ਹਦਾਇਤਾਂ ਜਾਰੀ ਹੋ ਸਕਦੀਆਂ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਹੁਣ 1 ਸਤੰਬਰ ਤੋਂ ਅਨਲਾਕ-4 ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਲਈ ਕੇਂਦਰ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਮੁਤਾਬਕ ਹੁਣ ਕੋਈ ਵੀ ਸੂਬਾ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾਂ ਤਾਲਾਬੰਦੀ ਨਹੀਂ ਲਗਾ ਸਕਦਾ। ਇਸ ਦੇ ਲਈ ਉਸ ਨੂੰ ਪਹਿਲਾਂ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਪਵੇਗੀ।
ਗ੍ਰਹਿ ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ 21 ਸਤੰਬਰ ਤੋਂ ਸਮਾਜਿਕ, ਸਿਆਸੀ, ਮਨੋਰੰਜਨ, ਖੇਡ ਆਦਿ ਨਾਲ ਜੁੜੇ ਸਮਾਗਮਾਂ ਨੂੰ ਮਨਜ਼ੂਰੀ ਹੋਵੇਗੀ ਪਰ ਇੱਕ ਛੱਤ ਦੇ ਹੇਠਾਂ ਵੱਧ ਤੋਂ ਵੱਧ 100 ਲੋਕ ਮੌਜੂਦ ਰਹਿ ਸਕਣਗੇ। ਸਿਨੇਮਾ ਹਾਲ, ਸਵੀਮਿੰਗ ਪੁੱਲ, ਅੰਤਰਰਾਸ਼ਟਰੀ ਉਡਾਣਾਂ (ਕੁੱਝ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ) ਅਜੇ ਵੀ ਬੰਦ ਰਹਿਣਗੀਆਂ। ਅਜਿਹੇ ਸਮਾਗਮਾਂ 'ਚ ਲਾਜ਼ਮੀ ਤੌਰ 'ਤੇ ਫੇਸ ਮਾਸਕ, ਸਮਾਜਿਕ ਦੂਰੀ, ਥਰਮਲ ਸਕੈਨਿੰਗ, ਸੈਨੇਟਾਇਜ਼ਰ ਅਤੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।