ਮਾਮਲਾ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਲੈਣ ਦਾ, 'ਆਪ' ਆਗੂਆਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
Sunday, May 24, 2020 - 05:42 PM (IST)
ਪਟਿਆਲਾ (ਪਰਮੀਤ, ਇੰਦਰਜੀਤ ਬਖਸ਼ੀ): ਆਮ ਆਦਮੀ ਪਾਰਟੀ ਵਲੋਂ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਘ ਸਿੰਗਲਾ ਦੀ ਕੋਠੀ ਵੱਲ ਰੋਸ ਮਾਰਚ ਕੱਢਿਆ ਗਿਆ।ਜਾਣਕਾਰੀ ਮੁਤਾਬਕ ਵਰਕਰ ਜਿਵੇਂ ਹੀ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪੁੱਜੇ ਤਾਂ ਉੱਥੇ ਵੱਡੀ ਗਿਣਤੀ 'ਚ ਖੜ੍ਹੀ ਪੁਲਸ ਵਲੋਂ ਵਰਕਰਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਵਰਕਰਾਂ ਨੇ ਉੱਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ ਅੱਜ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਲਕਾ ਇੰਚਾਰਜ ਬਿਜਲੀ ਅੰਦੋਲਨ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਕੁੰਦਨ ਗੋਗੀਆ ਅਤੇ ਪ੍ਰੀਤੀ ਮਲਹੋਤਰਾ ਦੀ ਅਗਵਾਈ 'ਚ ਪਟਿਆਲਾ ਦੇ ਦਾਲ ਦਲ਼ੀਆ ਚੌਂਕ ਨੇੜੇ ਸਥਿਤ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਪਾਰਟੀ ਦੇ ਪੰਜਾਬ ਸਹਿ-ਸੰਗਠਨ ਇੰਚਾਰਜ ਗਗਨਦੀਪ ਸਿੰਘ ਚੱਢਾ, ਸੂਬਾ ਪ੍ਰਧਾਨ ਵਪਾਰ ਵਿੰਗ ਨੀਨਾ ਮਿੱਤਲ, ਸੂਬਾ ਪ੍ਰਧਾਨ ਫੌਜੀ ਵਿੰਗ ਮੇਜਰ ਮਲਹੋਤਰਾ, ਜਨਰਲ ਸਕੱਤਰ ਪੰਜਾਬ ਜਰਨੈਲ ਮਨੂੰ, ਅਤੇ ਜਿਲਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਹ ਵੀ ਪੜ੍ਹੋ: ਵੱਡੀ ਖਬਰ: ਕੋਰੋਨਾ ਮੁਕਤ ਹੋਇਆ ਫਤਿਹਗੜ੍ਹ ਸਾਹਿਬ
ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ, ਬਿਜਲੀ ਅੰਦੋਲਨ ਇੰਚਾਰਜ ਕੁੰਦਨ ਗੋਗੀਆ ਅਤੇ ਪ੍ਰੀਤੀ ਮਲਹੋਤਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਪਾਰਟੀ ਦੇ ਸ਼ਹਿਰੀ ਅਤੇ ਦਿਹਾਤੀ ਏਰੀਆ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਜੋ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਲੈਣ ਸੰਬੰਧੀ ਦੋਹਰੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ, ਅਤੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਦੀਆਂ ਫੀਸਾਂ ਦੇਣ ਲਈ ਸਰਕਾਰ ਵਲੋਂ ਨੋਟੀਫਿਕੇਸ਼ਨ ਕੱਢਕੇ ਮਜਬੂਰ ਕੀਤਾ ਜਾ ਰਿਹਾ ਹੈ, ਉਸਦੇ ਵਿਰੋਧ ਵਿੱਚ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪਾਰਟੀ ਦੇ ਆਗੂਆਂ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਮਾਪਿਆਂ ਵਲੋਂ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਕੈਪਟਨ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਰੋਸ਼-ਪ੍ਰਦਰਸ਼ਨ ਕੀਤਾ ਗਿਆ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸਵੇਰੇ ਪਾਰਟੀ ਦੇ ਆਗੂਆਂ ਅਤੇ ਸ਼ਹਿਰ ਦੇ ਮਾਪਿਆਂ ਵਲੋਂ ਮਿਲਕੇ ਧਰਨਾ ਸ਼ੁਰੂ ਕੀਤਾ ਗਿਆ, ਤਾਂ ਆਮ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਵਲੋਂ ਪੰਜ ਮੈਂਬਰੀ ਵਫਦ ਨੂੰ ਮਿਲਣ ਵਾਸਤੇ ਬੁਲਾਇਆ ਗਿਆ। ਜਦੋਂ ਵਫਦ ਜਾਣ ਲਈ ਤਿਆਰ ਹੋ ਗਿਆ ਅਤੇ ਧਰਨਾ ਖਤਮ ਹੋਣ ਲੱਗਾ ਤਾਂ ਸਿੱਖਿਆ ਮੰਤਰੀ ਨੇ ਮਿਲਣ ਤੋਂ ਇਨਕਾਰੀ ਕਰ ਦਿੱਤੀ, ਜਿਸ ਕਰਕੇ ਪਾਰਟੀ ਦੇ ਆਗੂਆਂ ਅਤੇ ਮਾਪਿਆਂ ਦੇ ਗੁੱਸਾ ਹੋਰ ਭੜਕ ਗਿਆ ਅਤੇ ਫੇਰ ਦੁਬਾਰਾ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਧਰਨਾ ਚੁੱਕਾਉਣ ਲਈ ਸਖਤੀ ਦੇ ਸੰਦੇਸ ਮਿਲਣ ਲਘ ਪਏ ਸਨ, ਪਰ ਪਾਰਟੀ ਦੇ ਆਗੂ ਅਤੇ ਬੱਚਿਆਂ ਦੇ ਮਾਪੇ ਕੜਕਦੀ ਧੁੱਪ ਵਿੱਚ ਧਰਨੇ ਤੇ ਡਟੇ ਰਹੇ।
ਇਹ ਵੀ ਪੜ੍ਹੋ: ਬਟਾਲਾ 'ਚ ਕੋਰੋਨਾ ਦਾ ਕਹਿਰ, 2 ਨਵੇਂ ਮਾਮਲੇ ਆਏ ਸਾਹਮਣੇ
ਲੋਕਾਂ ਦੇ ਹੌਂਸਲੇ ਨੂੰ ਦੇਖਦੇ ਹੋਏ, ਸਿੱਖਿਆ ਮੰਤਰੀ ਨੇ ਮੰਗ ਪੱਤਰ ਲੈਣ ਵਾਸਤੇ ਪਟਿਆਲਾ ਦੇ ਐਸ ਡੀ ਐਮ ਚਰਨਜੀਤ ਸਿੰਘ ਨੂੰ ਮੌਕੇ ਤੇ ਭੇਜਿਆ, ਪਰ ਪਾਰਟੀ ਆਗੂ ਅਤੇ ਮਾਪੇ ਸਿੱਖਿਆ ਮੰਤਰੀ ਨੂੰ ਮਿਲਣ।ਵਾਸਤੇ ਅੜੇ ਰਹੇ, ਤਾਂ ਮੌਕੇ ਤੇ ਪਹੁੰਚੇ ਐਸ ਡੀ ਐਮ ਸਾਹਿਬ ਨੇ ਪਾਰਟੀ ਆਗੂਆਂ ਅਤੇ ਮਾਪਿਆਂ ਨਾਲ ਸਿੱਖਿਆ ਮੰਤਰੀ ਦੀ ਵੀਡੀਓ ਕਾਲ ਰਾਹੀਂ ਗਲਬਾਤ ਕਰਵਾਈ। ਜਿਸ ਵਿੱਚ ਸਿੱਖਿਆ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਹੁਣ ਫੀਸਾਂ ਸੰਬੰਧੀ ਮਾਮਲਾ ਮਾਣਯੋਗ ਹਾਈਕੋਰਟ ਵਿੱਚ ਚਲ ਰਿਹਾ ਹੈ। ਇਸ ਕਰਕੇ ਉਹ ਜਿਆਦਾ ਕੁਝ ਨਹੀਂ ਕਰ ਸਕਦੇ ਹਨ। ਪਰ ਪੰਜਾਬ ਸਰਕਾਰ ਆਉਣ ਵਾਲੀ 12 ਜੂਨ ਨੂੰ ਹਾਈਕੋਰਟ ਵਿੱਚ ਪੇਸ਼ੀ ਦੌਰਾਨ ਆਮ ਲੋਕਾਂ ਦਾ ਪੱਖ ਬੜੀ ਮਜਬੂਤੀ ਨਾਲ ਰੱਖੇਗੀ ਅਤੇ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਕੇਸ ਲੜੇਗੀ, ਅਤੇ ਜਦੋਂ ਤਕ ਕੇਸ ਦਾ ਫੈਸਲਾ ਨਹੀਂ ਆ ਜਾਂਦਾ ਹੈ ਉਦੋਂ ਤਕ ਮਾਪਿਆਂ ਨੂੰ ਸਕੂਲਾਂ ਵਿਚ ਫੀਸ ਭਰਨ ਦੀ ਕੋਈ ਲੋੜ ਨਹੀਂ ਹੈ। ਜੋ ਵੀ ਮਾਪੇ ਜਾਂ ਪਾਰਟੀ ਵਲੋਂ ਉਹਨਾਂ ਨੂੰ ਕੋਈ ਮਿਲਣਾ ਚਾਹੁੰਦਾ ਹੈ ਤਾਂ ਸੰਗਰੂਰ ਆ ਕੇ ਮਿਲ ਸਕਦਾ ਹੈ। ਇਸ ਗਲਬਾਤ ਤੋਂ ਬਾਅਦ ਐਸ ਡੀ ਐਮ ਸਾਹਿਬ ਵਲੋਂ ਮੰਗ ਪੱਤਰ ਲਿਆ ਗਿਆ, ਅਤੇ ਪਾਰਟੀ ਅਤੇ ਮਾਪਿਆਂ ਵਲੋਂ ਧਰਨਾ ਖਤਮ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ, ਹੁਣ ਇੰਝ ਹੋਵੇਗੀ ਦੁੱਧ ਦੀ ਪਰਖ
ਇਸ ਮੌਕੇ ਪਾਰਟੀ ਦੇ ਹੋਰ ਵੀ ਸੀਨੀਅਰ ਆਗੂਆਂ ਵਲੋਂ ਧਰਨੇ ਨੂੰ ਸੰਬੋਧਿਤ ਕੀਤਾ ਗਿਆ। ਸਾਰਿਆਂ ਨੇ ਇਕੋ ਸੁਰ ਵਿੱਚ ਕਿਹਾ ਕਿ ਜੋ ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਦੀ ਫ਼ੀਸ ਵਸੂਲਣ ਲਈ ਬਿਆਨ ਦਿੱਤਾ ਹੈ, ਉਹ ਬਿਆਨ ਤੁਰੰਤ ਵਾਪਸ ਲਿਆ ਜਾਵੇ ਤੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਵਸੂਲਣ ਤੋਂ ਰੋਕਿਆ ਜਾਵੇ, ਅਤੇ ਸਰਕਾਰ ਵਲੋਂ ਹਾਈਕੋਰਟ ਵਿੱਚ ਆਮ ਲੋਕਾਂ ਦੇ ਪੱਖ ਨੂੰ ਮਜਬੂਤੀ ਨਾਲ ਰੱਖਿਆ ਜਾਵੇ। ਕਿਉਂਕਿ ਪੰਜਾਬ ਦੇ ਆਮ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਕੈਪਟਨ ਸਰਕਾਰ ਨੂੰ ਆਪਣੇ ਸੁਖ ਦੁਖ ਸਾਂਝੇ ਕਰਨ ਲਈ ਸੱਤਾ ਵਿੱਚ ਬਿਠਾਇਆ ਹੈ ਨਾ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੇ, ਇਸ ਕਰਕੇ ਕੈਪਟਨ ਸਰਕਾਰ ਨੂੰ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਪ੍ਰਾਈਵੇਟ ਸਕੂਲਾਂ ਵੱਲੋਂ ਨਜ਼ਾਇਜ ਫ਼ੀਸਾਂ ਵਸੂਲਣੀਆਂ ਬੰਦ ਕਰਵਾਏ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਆਮ ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਦੇ ਖਿਲਾਫ ਵੱਡਾ ਅੰਦੋਲਨ ਸ਼ੁਰੂ ਕਰੇਗੀ। ਇਸ ਮੌਕੇ ਪਾਰਟੀ ਦੇ ਵੀਰਪਾਲ ਕੌਰ ਮਹਿਲਾ ਵਿੰਗ ਪ੍ਰਧਾਨ, ਸੰਦੀਪ ਬੰਧੂ ਮੀਡੀਆ ਇੰਚਾਰਜ, ਹਰੀਸ਼ ਨਰੂਲਾ, ਸ਼ੁਸ਼ੀਲ ਮਿੱਢਾ, ਪਰਮਜੀਤ ਕੌਰ, ਡਿੰਪਲ ਬੱਤਾ, ਸੁਰਜਨ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ ਰਾਮਗੜ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।