ਚੰਡੀਗੜ੍ਹ : ''ਲਾਕਡਾਊਨ-4'' ’ਚ ਮਿਲਣ ਵਾਲੀਆਂ ਵਾਧੂ ਰਿਆਇਤਾਂ ’ਤੇ ਫੈਸਲਾ ਅੱਜ

05/18/2020 12:05:54 PM

ਚੰਡੀਗੜ੍ਹ (ਸਾਜਨ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਤਾਂ ਐਤਵਾਰ ਸ਼ਾਮ ਨੂੰ ਲਾਕ ਡਾਊਨ-4 ਦੌਰਾਨ ਕਈ ਆਰਥਿਕ ਗਤੀਵਿਧੀਆਂ ਖੋਲ੍ਹੇ ਜਾਣ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਇਸ 'ਤੇ ਸੋਮਵਾਰ ਨੂੰ ਫਾਈਨਲ ਫੈਸਲਾ ਕਰੇਗਾ। ਗ੍ਰਹਿ ਮੰਤਰਾਲੇ ਨੇ ਕਈ ਮਾਮਲਿਆਂ 'ਚ ਰਾਜਾਂ ਅਤੇ ਯੂ. ਟੀ. ਨੂੰ ਆਪਣਾ ਫੈਸਲਾ ਲੈਣ ਲਈ ਖੁਦ ਅਧਿਕਾਰਿਤ ਕੀਤਾ ਹੈ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਸੋਮਵਾਰ ਨੂੰ ਉਨ੍ਹਾਂ ਸਾਰੇ ਮਾਮਲਿਆਂ 'ਚ ਫ਼ੈਸਲਾ ਕਰੇਗਾ, ਜਿਸ ’ਤੇ ਯੂ. ਟੀ. ਪ੍ਰਸ਼ਾਸਨ ਨੂੰ ਫਾਈਨਲ ਕਾਲ ਲੈਣੀ ਹੈ। ਐਤਵਾਰ ਰਾਤ 9 ਵਜੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੈਬਨਿਟ ਸਕੱਤਰ ਨਾਲ ਚੰਡੀਗੜ੍ਹ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਹੋਈ, ਲਿਹਾਜਾ ਇਸ ਨੂੰ ਲੈ ਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਵੀ ਜਾਣਕਾਰੀ ਦੇਣੀ ਹੈ, ਜਿਸ ’ਤੇ ਵਿਸਥਾਰ ਨਾਲ ਚਰਚਾ ਤੋਂ ਬਾਅਦ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ।

ਪ੍ਰਸ਼ਾਸਨ ਦੀ ਸੂਚੀ 'ਚ ਸਭ ਤੋਂ ਮਹੱਤਵਪੂਰਨ ਫ਼ੈਸਲਾ ਓਡ-ਈਵਨ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਓਡ-ਈਵਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਖ਼ਤਮ ਕੀਤੀ ਜਾ ਸਕਦੀ ਹੈ। ਮਤਲਬ ਹੁਣ ਸਾਰੀਆਂ ਦੁਕਾਨਾਂ ਨੂੰ ਬਿਨਾਂ ਓਡ-ਈਵਨ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਸੈਕਟਰਾਂ ਦੀ ਡਿਵਾਈਡਿੰਗ ਰੋਡ 'ਤੇ ਜੋ ਦੁਕਾਨਾਂ ਹਨ, ਉਨ੍ਹਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਨ੍ਹਾਂ ਦੁਕਾਨਾਂ ਨੂੰ ਕਰਫਿਊ ਅਤੇ ਲਾਕ ਡਾਊਨ ਤਿੰਨ ਦੌਰਾਨ ਨਹੀਂ ਖੋਲ੍ਹਿਆ ਗਿਆ ਸੀ। ਇੰਟਰ ਸਟੇਟ ਬੱਸ ਸੇਵਾ ਦੇ ਨਾਲ-ਨਾਲ ਇੰਟਰ ਸਿਟੀ ਬੱਸ ਸੇਵਾ ਦੀ ਵੀ ਸ਼ੁਰੂਆਤ ਹੋ ਸਕਦੀ ਹੈ ਪਰ ਇਸ 'ਚ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣੀ ਹੈ, ਇਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵਿਆਪਕ ਚਰਚਾ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿਟੀ ਅੰਦਰ ਬੱਸ ਜਾਂ ਰੇਲ ਸੇਵਾ ਸ਼ੁਰੂ ਕਰਨ ਅਤੇ ਇੰਟਰ ਸਟੇਟ ਬੱਸ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਰਾਜਾਂ ਅਤੇ ਯੂ. ਟੀ. 'ਤੇ ਛੱਡਿਆ ਹੈ ਲਿਹਾਜਾ ਸੋਮਵਾਰ ਨੂੰ ਇਸਦੇ ਖੁੱਲ੍ਹਣ ਦੀ ਕਾਫ਼ੀ ਜਿਆਦਾ ਸੰਭਾਵਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਰਾਜਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿੱਥੇ-ਜਿੱਥੇ ਫਿਲਹਾਲ ਸੀ. ਟੀ. ਯੂ ਦੀ ਬਸ ਸੇਵਾ ਚੱਲਦੀ ਹੈ, ਜੇਕਰ ਉੱਥੋਂ ਹਰੀ ਝੰਡੀ ਮਿਲਦੀ ਹੈ ਤਾਂ ਇਨ੍ਹਾਂ ਸ਼ਹਿਰਾਂ ਅਤੇ ਰਾਜਾਂ ਨੂੰ ਜਾਣ ਵਾਲੀਆਂ ਸੀ. ਟੀ. ਯੂ. ਬੱਸਾਂ ਦੀ ਸੂਚੀ ਤੈਅ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਸੀ. ਟੀ. ਯੂ. ਦੀ ਬਸ ਸੇਵਾ ਚੱਲਣ ਨਾਲ ਪ੍ਰਸ਼ਾਸਨ ਨੂੰ ਚੰਗੀ ਖਾਸੀ ਆਮਦਨੀ ਹੁੰਦੀ ਹੈ। ਇੰਟਰ ਸਿਟੀ ਦੇ ਕੁੱਝ ਰੂਟ ਹੀ ਮੁਨਾਫੇ 'ਚ ਰਹਿੰਦੇ ਹਨ ਪਰ ਸੀ. ਟੀ. ਯੂ. ਦੀ ਅੰਤਰਰਾਜੀ ਬੱਸ ਸੇਵਾ ਫਿਲਹਾਲ ਸੀ. ਟੀ. ਯੂ. ਲਈ ਮੁਨਾਫੇ ਦਾ ਸੌਦਾ ਸਾਬਤ ਹੋ ਰਹੀ ਹੈ ਲਿਹਾਜਾ ਇਸ ਨੂੰ ਸ਼ੁਰੂ ਕਰਨ 'ਤੇ ਪ੍ਰਸ਼ਾਸਨ ਦਾ ਮੁੱਖ ਫੋਕਸ ਰਹੇਗਾ। ਦਿੱਕਤ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਬੱਸਾਂ ਨੂੰ ਜੇਕਰ ਚਲਾਇਆ ਜਾਂਦਾ ਹੈ ਤਾਂ ਇਨ੍ਹਾਂ 'ਚ ਕਿੰਨੀਆਂ ਸਵਾਰੀਆਂ ਲਿਜਾਣ ਦੀ ਆਗਿਆ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਹਰਿਆਣਾ ਜਾਂ ਕੁੱਝ ਹੋਰ ਰਾਜਾਂ ਦੇ ਹਾਲ ਹੀ 'ਚ ਜਾਰੀ ਦਿਸ਼ਾ ਨਿਰਦੇਸ਼ ਫਾਲੋ ਕੀਤੇ ਜਾ ਸਕਦੇ ਹਨ।

ਪਬਲਿਕ ਟਰਾਂਸਪੋਰਟ 'ਚ ਕੈਬ ਅਤੇ ਆਟੋ ਚਲਾਉਣ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਇਸ 'ਚ ਵੀ ਇਹੀ ਚੀਜ਼ ਵੇਖੀ ਜਾਵੇਗੀ ਕਿ ਕਿੰਨੀਆਂ ਸਵਾਰੀਆਂ ਨੂੰ ਬੈਠਾਉਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਹੈ ਤਾਂ ਕਿ ਬੀਮਾਰੀ ਨਾ ਫੈਲੇ। ਚਾਰ ਪਹੀਆ ਅਤੇ ਦੋ ਪਹੀਆ ਦੇ ਮਾਮਲੇ 'ਚ ਉਂਝ ਤਾਂ ਕੇਂਦਰ ਦੇ ਪਹਿਲਾਂ ਦੇ ਨਿਰਦੇਸ਼ ਹਨ ਕਿ ਤਿੰਨ ਤੋਂ ਜ਼ਿਆਦਾ ਸਵਾਰੀਆਂ ਨਹੀਂ ਬਿਠਾਈਆਂ ਜਾ ਸਕਦੀਆਂ ਪਰ ਲਾਕਡਾਊਨ ਚਾਰ 'ਚ ਇਨ੍ਹਾਂ 'ਚ ਕੋਈ ਤਬਦੀਲੀ ਹੋਵੇਗੀ ਇਸਨੂੰ ਲੈ ਕੇ ਵੀ ਨਵੇਂ ਸਿਰੇ ਤੋਂ ਫੈਸਲਾ ਲਿਆ ਜਾ ਸਕਦਾ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਪੁਰਾਣੇ ਆਦੇਸ਼ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਨ੍ਹਾਂ 'ਚ ਦੋ ਪਹੀਆ 'ਤੇ ਸਿਰਫ ਇਕ ਜਦੋਂਕਿ ਚਾਰ ਪਹੀਆ 'ਚ ਸਿਰਫ ਤਿੰਨ ਲੋਕ ਹੀ ਸਫਰ ਕਰ ਸਕਦੇ ਹਨ। ਲਾਕਡਾਊਨ 'ਚ ਰਿਲੈਕਸੇਸ਼ਨ ਦੇ ਸਮੇਂ 'ਤੇ ਵੀ ਨਵੇਂ ਸਿਰੇ ਤੋਂ ਵਿਚਾਰ ਹੋ ਸਕਦਾ ਹੈ। ਪ੍ਰਸ਼ਾਸਨ ਇਸਦੇ ਸਮੇਂ 'ਚ ਤਬਦੀਲੀ ਕਰ ਸਕਦਾ ਹੈ।

ਉਥੇ ਹੀ ਪ੍ਰਸ਼ਾਸਨ ਨੇ ਸਰਕਾਰੀ ਦਫਤਰਾਂ 'ਚ ਪਬਿਲਕ ਡੀਲਿੰਗ ਅਤੇ ਸੰਪਰਕ ਸੈਂਟਰ ਖੋਲ੍ਹੇ ਜਾਣ ਨੂੰ ਲੈ ਕੇ ਵੀ 18 ਮਈ ਨੂੰ ਫੈਸਲਾ ਲੈਣਾ ਹੈ। ਕੱਲ ਸੋਮਵਾਰ ਨੂੰ ਇਸ 'ਤੇ ਵੀ ਫੈਸਲਾ ਹੋ ਸਕਦਾ ਹੈ। ਜੇਕਰ ਮਨਜ਼ੂਰੀ ਮਿਲੀ ਤਾਂ ਮੰਗਲਵਾਰ ਤੋਂ ਪੂਰੀ ਤਰ੍ਹਾਂ ਸਰਕਾਰੀ ਦਫਤਰਾਂ 'ਚ ਪਬਿਲਕ ਡੀਲਿੰਗ ਸ਼ੁਰੂ ਹੋ ਸਕੇਗੀ। ਸੰਪਰਕ ਸੈਂਟਰਾਂ 'ਚ ਜਾ ਕੇ ਲੋਕ ਬਿਲ ਜਮ੍ਹਾਂ ਕਰਵਾ ਸਕਣਗੇ। ਇਸ ਸਬੰਧੀ ਐਡਵਾਈਜ਼ਰ ਮਨੋਜ ਪਰਿਦਾ ਨੇ ਐਤਵਾਰ ਦੇਰ ਰਾਤ ਟਵੀਟ ਵੀ ਕੀਤਾ ਕਿ ਬਿਜਲੀ ਬਿਲ ਅਤੇ ਪਾਣੀ ਦੇ ਬਿਲਾਂ ਦੇ ਨਾਲ ਅਕਾਉਂਟ ਟੂ ਆਟੋ ਡੈਬਿਟ ਦੀ ਸਹੂਲਤ ਜੋੜਨੀ ਚਾਹੀਦੀ ਹੈ ਜਿਸ ਨਾਲ ਪ੍ਰਸ਼ਾਸਨ ਨੂੰ ਨਾ ਸਿਰਫ਼ ਰੈਵੇਨਿਊ ਮਿਲੇਗਾ ਸਗੋਂ ਲੋਕਾਂ ਨੂੰ ਵੀ ਲੰਮੀਆਂ ਲਾਇਨਾਂ 'ਚ ਨਹੀਂ ਖੜ੍ਹਾ ਹੋਣਾ ਪਵੇਗਾ। ਇਸ ਨਾਲ ਸਮਾਜਿਕ ਦੂਰੀ ਦਾ ਵੀ ਪਾਲਣ ਹੋਵੇਗਾ।
ਸੈਕਟਰ-17 ਦੀਆਂ ਦੁਕਾਨਾਂ ਖੋਲ੍ਹਣ 'ਤੇ ਵੀ ਹੋਵੇਗਾ ਵਿਚਾਰ
ਚੰਡੀਗੜ੍ਹ ਪ੍ਰਸ਼ਾਸਨ ਸੈਕਟਰ-17 'ਚ ਵੀ ਦੁਕਾਨਾਂ ਖੋਲ੍ਹਣ ਦਾ ਸੋਮਵਾਰ ਦੀ ਵਾਰ ਰੂਮ ਮੀਟਿੰਗ 'ਚ ਫ਼ੈਸਲਾ ਲੈ ਸਕਦਾ ਹੈ। ਐੱਮ. ਐੱਚ. ਏ. ਵਲੋਂ ਦਿੱਤੀਆਂ ਗਈਆਂ ਗਾਇਡਲਾਇੰਸ 'ਚ ਕਿਹਾ ਗਿਆ ਹੈ ਕਿ ਦੁਕਾਨਾਂ 'ਤੇ ਗਾਹਕਾਂ ਵਿਚਕਾਰ ਛੇ ਫੁੱਟ ਦੀ ਦੂਰੀ ਰੱਖਣੀ ਹੋਵੇਗੀ ਅਤੇ ਇਕ ਵਾਰ 'ਚ ਪੰਜ ਤੋਂ ਜ਼ਿਆਦਾ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਇੰਟਰ ਸਟੇਟ ਵਹੀਕਲਸ ਦੀ ਮੂਵਮੇਂਟ 'ਤੇ ਵੀ ਯੂ.ਟੀ. ਪ੍ਰਸ਼ਾਸਨ ਹੋਰ ਰਾਜਾਂ ਨਾਲ ਗੱਲ ਕਰਕੇ ਫੈਸਲਾ ਲੈ ਸਕਦਾ ਹੈ। ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਚਿਊਟਸ ਬੰਦ ਰਹਿਣਗੇ। ਆਨਲਾਇਨ ਅਤੇ ਡਿਸਟੈਂਸ ਲਰਨਿੰਗ ਖੁੱਲ੍ਹੀ ਰਹੇਗੀ। ਰੈਸਟੋਰੈਂਟਸ ਨੂੰ ਖੋਲਣ ਦੀ ਆਗਿਆ ਹੋਵੇਗੀ, ਪਰ ਇਥੇ ਕਿਚਨ 'ਚ ਸਾਮਾਨ ਬਣਾ ਕੇ ਸਿਰਫ਼ ਹੋਮ ਡਲੀਵਰੀ ਕੀਤੀ ਜਾ ਸਕੇਗੀ। ਜੋ ਲੋਕ ਜਾਂ ਵਿਦਿਆਰਥੀ ਸ਼ਹਿਰ 'ਚ ਕਿਰਾਏ 'ਤੇ ਰਹਿੰਦੇ ਹਨ ਅਤੇ ਜਿੱਥੇ ਕਿਚਨ ਦੀ ਸਹੂਲਤ ਨਹੀਂ ਹੈ, ਉਨ੍ਹਾਂ ਲਈ ਇਹ ਫ਼ੈਸਲਾ ਲਿਆ ਗਿਆ ਹੈ। ਯੂ.ਟੀ. ’ਚ ਸੈਲੂਨ, ਬਾਰਬਰ ਸ਼ਾਪ ਅਤੇ ਸ਼ਾਪਿੰਗ ਕੰਪਲੈਕਸ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਇਸ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ। ਪ੍ਰਸ਼ਾਸਨ ਸ਼ਹਿਰ 'ਚ ਸਪੋਟਰਸ ਕੰਪਲੈਕਸ ਅਤੇ ਸਟੇਡੀਅਮ ਖੋਲ੍ਹਣ ਦੀ ਆਗਿਆ ਦੇ ਸਕਦਾ ਹੈ। ਪਰ ਇਹ ਸਿਰਫ਼ ਸਪੋਟਰਸ ਐਕਟੀਵਿਟੀ ਲਈ ਹੋਵੇਗਾ। ਦਰਸ਼ਕਾਂ ਨੂੰ ਇਥੇ ਆਉਣ ਦੀ ਆਗਿਆ ਨਹੀਂ ਹੋਵੇਗੀ। ਨਾਈਟ ਕਰਫਿਊ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਪਹਿਲਾਂ ਦੀ ਤਰ੍ਹਾਂ ਸ਼ਹਿਰ 'ਚ ਲੱਗਾ ਰਹੇਗਾ। ਕੰਟੇਨਮੈਂਟ ਜੋਨ 'ਚ ਸਿਰਫ਼ ਜਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ। 65 ਸਾਲ ਦੇ ਬਜ਼ੁਰਗ, ਗਰਭਵਤੀ ਔਰਤਾਂ ਅਤੇ ਦਸ ਸਾਲ ਤੋਂ ਘੱਟ ਸਾਲ ਦੇ ਬੱਚਾਂ ਨੂੰ ਬਾਹਰ ਨਿਕਲਣ ਦੀ ਆਗਿਆ ਨਹੀਂ ਹੋਵੇਗੀ।


Babita

Content Editor

Related News