ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ ਗਲੋਟੀ ਰੋਡ ਨਿਵਾਸੀ
Friday, May 18, 2018 - 01:02 AM (IST)

ਕੋਟ ਈਸੇ ਖਾਂ, (ਸੰਜੀਵ/ ਗਰੋਵਰ)- ਕਰੀਬ ਦੋ ਸਾਲ ਤੋਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੋਟੀ ਰੋਡ ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਮੁਹੱਲਾ ਨਿਵਾਸੀ ਅੰਗਰੇਜ ਸਿੰਘ ਫਰਨੀਚਰ ਹਾਊਸ, ਜੀਤ ਸਿੰਘ, ਹਰਨਾਮ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ ਰਾਮੂਵਾਲੀਆ, ਹਰਪ੍ਰੀਤ ਸਿੰਘ ਲਵਲੀ, ਗੁਰਮੁਖ ਸਿੰਘ ਟੇਲਰ ਮਾਸਟਰ, ਭਜਨ ਸਿੰਘ, ਮੋਹਨ ਸਿੰਘ ਆਦਿ ਨੇ ਕਿਹਾ ਕਿ ਅਸੀਂ ਇਸ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਜ਼ਿੱਲਤ ਦੀ ਜ਼ਿੰਦਗੀ ਜਿਉਂ ਰਹੇ ਹਾਂ ਕਿਉਂਕਿ ਇਹ ਗੰਦੇ ਪਾਣੀ ਦੀ ਗੰਦਗੀ ਦੀ ਬਦਬੂ ਸਾਡੇ ਅਤੇ ਲੰਘਣ ਵਾਲੇ ਲੋਕਾਂ ਦੇ ਨੱਕ ’ਚ ਦਮ ਕਰ ਦਿੰਦੀ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਵੀ ਖਤਰਾ ਹੈ।
ਉਨ੍ਹਾਂ ਦੱਸਿਆ ਕਿ ਇਥੇ ਆਂਗਣਵਾਡ਼ੀ ਸਕੂਲ ਵੀ ਹੈ। ਗੰਦਾ ਪਾਣੀ ਹਰ ਵੇਲੇ ਖਡ਼੍ਹਾ ਰਹਿਣ ਦੇ ਰਹਿਣ ਦੇ ਨਾਲ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਸਥਾਨਕ ਨਗਰ ਪੰਚਾਇਤ ਦੇ ਦਫਤਰ ਵਿਖੇ ਕਈ ਵਾਰ ਫਰਿਆਦ ਕਰ ਚੁੱਕੇ ਹਾਂ ਪਰ ਸਿਵਾਏ ਭਰੋਸੇ ਕੁਝ ਨਹੀਂ ਮਿਲਿਆ। ਸ਼ਹਿਰ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ।