ਮਾਛੀਵਾੜਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਖੇਤਾਂ 'ਚ ਖੇਡਦੇ ਬੱਚੇ ਨੂੰ ਗਟਰ 'ਚ ਸੁੱਟ ਕੇ ਕੀਤਾ ਕਤਲ (ਤਸਵੀਰਾਂ)

Thursday, Jan 05, 2023 - 01:04 PM (IST)

ਮਾਛੀਵਾੜਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਖੇਤਾਂ 'ਚ ਖੇਡਦੇ ਬੱਚੇ ਨੂੰ ਗਟਰ 'ਚ ਸੁੱਟ ਕੇ ਕੀਤਾ ਕਤਲ (ਤਸਵੀਰਾਂ)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ ਵਾਪਰੀ। ਇੱਥੇ ਬਾਬੂ ਲਾਲ ਨੇ ਇੱਕ ਪਰਵਾਸੀ ਕਿਸਾਨ ਨੇ 4 ਸਾਲਾ ਮਾਸੂਮ ਬੱਚੇ ਅੰਸ਼ੂ ਕੁਮਾਰ ਨੂੰ ਗਟਰ 'ਚ ਸੁੱਟ ਕੇ ਮਾਰ ਦਿੱਤਾ। ਫਿਲਹਾਲ ਬੱਚੇ ਦੀ ਲਾਸ਼ ਪੁਲਸ ਵੱਲੋਂ ਬਰਾਮਦ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਲਾਲ ਬਲੀਬੇਗ ਬਸਤੀ ਨੇੜੇ ਹੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਬਸਤੀ ਦੇ ਬੱਚੇ ਰੋਜ਼ਾਨਾ ਉਸ ਦੇ ਖੇਤ 'ਚ ਖੇਡਣ ਅਤੇ ਪਤੰਗ ਲੁੱਟਣ ਲਈ ਚਲੇ ਜਾਂਦੇ ਸਨ। ਕਿਸਾਨ ਬਾਬੂ ਲਾਲ ਬੱਚਿਆਂ ਦੀ ਇਸ ਸ਼ਰਾਰਤ 'ਤੇ ਆਪਣੀ ਫ਼ਸਲ ਖ਼ਰਾਬ ਹੋਣ ਤੋਂ ਪਰੇਸ਼ਾਨ ਸੀ। ਬੀਤੇ ਦਿਨ ਵੀ ਕਾਫ਼ੀ ਬੱਚੇ ਉਸ ਦੇ ਖੇਤਾਂ 'ਚ ਖੇਡਣ ਅਤੇ ਪਤੰਗ ਲੁੱਟਣ ਲਈ ਆ ਗਏ ਅਤੇ ਉਹ ਸੋਟੀ ਲੈ ਕੇ ਬੱਚਿਆਂ ਦੇ ਪਿੱਛੇ ਪੈ ਗਿਆ। ਮ੍ਰਿਤਕ ਬੱਚੇ ਅੰਸ਼ੂ ਕੁਮਾਰ ਦੇ ਪਿਤਾ ਰਾਜੂ ਸਾਹਨੀ ਨੇ ਦੱਸਿਆ ਕਿ ਬਾਬੂ ਲਾਲ ਨੇ ਉਸ ਦੇ ਬੱਚੇ ਨੂੰ ਫੜ੍ਹ ਲਿਆ ਅਤੇ ਗੁੱਸੇ 'ਚ ਆ ਕੇ ਨੇੜੇ ਹੀ ਗਟਰ 'ਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਖੰਨਾ 'ਚ ਵਾਪਰਿਆ ਦਰਦਨਾਕ ਹਾਦਸਾ, ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਮਜ਼ਦੂਰ ਦੀ ਮੌਤ

PunjabKesari

ਜਦੋਂ ਤੱਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਤੱਕ ਅੰਸ਼ੂ ਦਮ ਤੋੜ ਚੁੱਕਿਆ ਸੀ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਵੱਲੋਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸਦੇ ਪਿਤਾ ਰਾਜੂ ਸਾਹਨੀ ਦੇ ਬਿਆਨਾਂ ਦੇ ਆਧਾਰ ’ਤੇ ਪਰਵਾਸੀ ਕਿਸਾਨ ਬਾਬੂ ਲਾਲ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਬਾਬੂ ਲਾਲ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। 4 ਸਾਲਾ ਮਾਸੂਮ ਬੱਚੇ ਦੀ ਮੌਤ ’ਤੇ ਸਾਰੀ ਬਲੀਬੇਗ ਬਸਤੀ 'ਚ ਸੋਗ ਛਾਇਆ ਹੋਇਆ ਸੀ। ਇੱਥੋਂ ਦੇ ਨਿਵਾਸੀਆਂ ਦਾ ਕਹਿਣਾ ਸੀ ਕਿ ਇਹ ਕਿਸਾਨ ਬਾਬੂ ਲਾਲ ਅਕਸਰ ਬੱਚਿਆਂ ਦੇ ਮਾਪਿਆਂ ਨੂੰ ਧਮਕੀਆਂ ਵੀ ਦਿੰਦਾ ਸੀ ਕਿ ਜੇਕਰ ਬੱਚੇ ਉਸ ਦੇ ਖੇਤਾਂ 'ਚ ਆਉਣ ਤੋਂ ਨਾ ਰੁਕੇ ਤਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡੱਲਾ ਨੇ ਲਈ ਜਗਰਾਓਂ ਦੇ ਪਿੰਡ 'ਚ ਹੋਏ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

PunjabKesari
ਮ੍ਰਿਤਕ ਦੀ ਮਾਂ ਦੀ ਗੁਹਾਰ, ਕਥਿਤ ਦੋਸ਼ੀ ਨੂੰ ਹੋਵੇ ਫਾਂਸੀ ਦੀ ਸਜ਼ਾ

ਮ੍ਰਿਤਕ 4 ਸਾਲਾ ਅੰਸ਼ੂ ਕੁਮਾਰ ਦੀ ਮਾਤਾ ਗੀਤਾ ਦੇਵੀ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਉਸ ਨੂੰ ਪੁਲਸ ਇਨਸਾਫ਼ ਦੇਵੇ ਅਤੇ ਉਸਦੇ ਮਾਸੂਮ ਬੱਚੇ ਨੂੰ ਮਾਰਨ ਵਾਲੇ ਬਾਬੂ ਲਾਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕਿਸਾਨ ਦੇ ਖੇਤਾਂ 'ਚ ਖੇਡਣ ਵਾਲੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਜਦੋਂ ਬਾਬੂ ਲਾਲ ਉਨ੍ਹਾਂ ਨੂੰ ਫੜ੍ਹਨ ਲਈ ਪਿੱਛੇ ਭੱਜਿਆ ਤਾਂ ਬਾਕੀ ਬੱਚੇ ਵੱਡੀ ਉਮਰ ਦੇ ਹੋਣ ਕਾਰਨ ਜਾਨ ਬਚਾ ਕੇ ਭੱਜ ਗਏ, ਜਦੋਂ ਕਿ ਛੋਟਾ ਅੰਸ਼ੂ ਕੁਮਾਰ ਭੱਜ ਨਾ ਸਕਿਆ ਅਤੇ ਉਸਦੀ ਗ੍ਰਿਫ਼ਤ 'ਚ ਆ ਗਿਆ। ਪਰਵਾਸੀ ਕਿਸਾਨ ਬਾਬੂ ਲਾਲ ਨੇ ਬੇਰਹਿਮੀ ਨਾਲ ਇਸ ਬੱਚੇ ਨੂੰ ਗਟਰ 'ਚ ਸੁੱਟ ਦਿੱਤਾ ਜੋ ਉਸ ਦੀ ਮੌਤ ਦਾ ਕਾਰਨ ਬਣਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News