ਮੇਲਾ ਮਾਘੀ ਮੌਕੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦਾ ਕੀਤਾ ਜਨਤਕ ਸਨਮਾਨ

01/15/2018 11:06:52 AM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮਾਘੀ ਦੇ ਇਤਿਹਾਸਕ ਮੇਲੇ ਵਿਚ ਗਿਆਨ, ਚੇਤਨਾ ਤੇ ਪੁਸਤਕ ਸਭਿਆਚਾਰ ਦਾ ਪ੍ਰਤੀਕ ਬਣਿਆ ਤਰਕਸ਼ੀਲ ਨਾਟ ਮੇਲਾ ਹੁਣ ਮੇਲੀਆਂ ਦੀ ਪਹਿਲੀ ਪੰਸਦ ਬਣਨ ਲੱਗਾ ਹੈ। ਮੇਲੇ ਦੇ ਦੂਸਰੇ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਦੇ ਮੁਕਤਸਰ-ਫਾਜ਼ਿਲਕਾ ਜੋਨ ਵੱਲੋਂ ਤਰਕਸ਼ੀਲਾਂ ਦੇ ਮੰਚ ਤੋਂ ਦਿਨ ਭਰ ਨਾਟਕਾਂ, ਗੀਤਾਂ, ਕੋਰੀਓਗ੍ਰਾਫੀਆਂ ਤੇ ਜਾਦੂ ਦੇ ਸ਼ੋਅ ਦਾ ਮੰਚਨ ਹੁੰਦਾ ਰਿਹਾ।
ਮੇਲੇ ਵਿਚ ਚੰਗੀਗੜ ਸਕੂਲ ਆਫ਼ ਡਰਾਮਾ ਦੇ ਕਲਾਕਾਰਾਂ ਨੇ ਇੱਕਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਗੁਰਸ਼ਰਨ ਸਿੰਘ ਦੀ ਲਿਖਿਆ ਪ੍ਰਸਿੱਧ ਨਾਟਕ 'ਤੇ ਦੇਵ ਪੁਰਸ਼ ਹਾਰ ਗਏ' ਖੇਡਿਆ। ਨਾਟਕ ਨੇ ਮੇਲੀਆਂ ਨੂੰ ਅੰਧਵਿਸ਼ਵਾਸ਼ਾਂ ਦਾ ਵਪਾਰ ਕਰਨ ਵਾਲੇ ਤਾਂਤਰਿਕਾਂ ਤੇ ਅਖੌਤੀ ਬਾਬਿਆਂ ਤੋਂ ਸੁਚੇਤ ਰਹਿ ਕੇ ਤਰਕਸ਼ੀਲ ਸੋਚ ਅਪਣਾਉਣ ਦਾ ਸਫ਼ਲ ਸੁਨੇਹਾ ਦਿੱਤਾ। ਮੇਲੀਆਂ ਨਾਲ ਭਰੇ ਪੰਡਾਲ ਵਿਚ ਨਿਵੇਕਲੀ ਗੱਲ ਉਸ ਵਕਤ ਵਾਪਰੀ ਜਦ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਲੋਕਾਂ ਦੇ ਰੂਬਰੂ ਹੋਏ। ਉਨ੍ਹਾਂ ਨੇ ਮੰਚ ਤੋਂ ਦੁੱਲਾ ਭੱਟੀ ਤੇ ਸ਼ਹੀਦ ਭਗਤ ਸਿੰਘ ਜਿਹੇ ਨਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਚੰਗੇਰੇ ਸਮਾਜ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ। ਤਰਕਸ਼ੀਲਾਂ ਮੰਚ ਤੋਂ ਬਲਦੇਵ ਸਿੰਘ ਸੜਕਨਾਮਾ ਦਾ ਜਨਤਕ ਸਨਮਾਨ ਕੀਤਾ ਗਿਆ। ਸੁਭਾਗੇ ਸਮੇਂ ਤੇ ਬੋਲਦਿਆਂ ਪਲਸ ਮੰਚ ਦੇ ਸੂਬਾਈ ਪ੍ਰਧਾਨ ਅਮੋਲਕ ਸਿੰਘ ਨੇ ਆਖਿਆ ਕਿ ਕਿਰਤ, ਕਲਾ ਤੇ ਕਲਮਾਂ ਦੀ ਸਾਂਝ ਅੱਜ ਦੇ ਸਮੇਂ ਦੀ ਲੋੜ ਹੈ। ਇਸ ਮੌਕੇ ਉੱਘੇ ਪੰਜਾਬੀ ਕਵੀ ਪ੍ਰੋ. ਲੋਕ ਨਾਥ, ਪੰਜਾਬੀ ਚਿੰਤਕ ਡਾ. ਪਰਮਜੀਤ ਸਿੰਘ ਢੀਂਗਰਾ, ਮਹੰਤ ਕਸ਼ਮੀਰ ਸਿੰਘ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ ਤੇ ਮਾਸਟਰ ਕੁਲਜੀਤ ਵੀ ਮੌਜੂਦ ਸਨ। ਮੇਲੇ ਵਿਚ ਕਲਮਕਾਰਾਂ ਦੀ ਮੇਲੀਆਂ ਨਾਲ ਪਾਈ ਸਾਂਝ ਦੀ ਨਿਵੇਕਲੀ ਪਿਰਤ ਨੂੰ ਪੰਡਾਲ ਵਿਚ ਹਾਜ਼ਰ ਦਰਸ਼ਕਾਂ ਨੇ  ਖੂਬ ਪੰਸਦ ਕੀਤਾ। ਮੇਲੇ ਵਿਚ ਲੱਗੀ ਪੁਸਤਕਾਂ ਦੀ ਸਟਾਲ ਤੇ ਮੇਲੀਆਂ ਨੇ ਭਰਵੀਂ ਹਾਜ਼ਰੀ ਭਰੀ ਤੇ ਪੁਸਤਕਾਂ ਖਰੀਦਣ ਵਿਚ ਰੁਚੀ ਵਿਖਾਈ। ਮੇਲੀਆਂ ਤੱਕ ਚੇਤਨਾ ਦਾ ਸੁਨੇਹਾ ਪਹੁੰਚਾਉਣ ਵਿਚ ਬੂਟਾ ਸਿੰਘ ਵਾਕਫ਼, ਸ਼ਿਵਰਾਜ ਖੁੰਡੇ ਹਲਾਲ, ਪਰਿਮੰਦਰ ਖੋਖਰ, ਪਰਵੀਨ ਜੰਡਵਾਲਾ ਆਦਿ ਨੇ ਭਰਵਾਂ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਜਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਨੇ ਨਿਭਾਈ।


Related News