ਹੁਲੱੜਬਾਜ਼ ਬੁਲਟ ਸਵਾਰਾਂ ਖ਼ਿਲਾਫ਼ ਵੱਡੀ ਕਾਰਵਾਈ, ਅੱਧਾ ਦਰਜਨ ਤੋਂ ਵੱਧ ਮੋਟਰਸਾਈਕਲ ਕੀਤੇ ਬਾਊਂਡ

Tuesday, Apr 28, 2026 - 06:57 PM (IST)

ਹੁਲੱੜਬਾਜ਼ ਬੁਲਟ ਸਵਾਰਾਂ ਖ਼ਿਲਾਫ਼ ਵੱਡੀ ਕਾਰਵਾਈ, ਅੱਧਾ ਦਰਜਨ ਤੋਂ ਵੱਧ ਮੋਟਰਸਾਈਕਲ ਕੀਤੇ ਬਾਊਂਡ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਸ਼ਹਿਰ ਵਿਚ ਸੜਕਾਂ 'ਤੇ ਹੁਲੱੜਬਾਜ਼ੀ ਕਰਨ, ਉੱਚੀ ਆਵਾਜ਼ ਵਾਲੇ ਸਾਇਲੈਂਸਰ ਲਗਾ ਕੇ ਲੋਕਾਂ ਨੂੰ ਤੰਗ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੁਲਟ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਦੀਨਾਨਗਰ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਪੁਲਸ ਨੇ ਅੱਧੀ ਦਰਜਨ ਤੋਂ ਵੱਧ ਬੁਲਟ ਮੋਟਰਸਾਈਕਲਾਂ ਨੂੰ ਬਾਊਂਡ ਕੀਤਾ ਅਤੇ ਕਈ ਚਾਲਕਾਂ ਨੂੰ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ।

ਇਹ ਕਾਰਵਾਈ ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਮਿਨਹਾਸ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ, ਮੁੱਖ ਸੜਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਨਾਕਾਬੰਦੀ ਕਰਕੇ ਜਾਂਚ ਅਭਿਆਨ ਚਲਾਇਆ। ਇਸ ਦੌਰਾਨ ਉਨ੍ਹਾਂ ਮੋਟਰਸਾਈਕਲਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਸਾਇਲੈਂਸਰਾਂ ਵਿਚ ਤਬਦੀਲੀ ਕਰਕੇ ਉੱਚੀ ਆਵਾਜ਼ ਪੈਦਾ ਕੀਤੀ ਜਾ ਰਹੀ ਸੀ ਜਾਂ ਜਿਨ੍ਹਾਂ ਦੇ ਚਾਲਕ ਸੜਕਾਂ ‘ਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾ ਰਹੇ ਸਨ।

PunjabKesari

ਡੀ.ਐੱਸ.ਪੀ. ਰਜਿੰਦਰ ਮਿਨਹਾਸ ਨੇ ਕਿਹਾ ਕਿ ਸੜਕਾਂ ‘ਤੇ ਹੁਲੱੜਬਾਜ਼ੀ, ਰੇਸ ਲਗਾਉਣਾ ਅਤੇ ਉੱਚੀ ਆਵਾਜ਼ ਨਾਲ ਲੋਕਾਂ ਦੀ ਸ਼ਾਂਤੀ ਭੰਗ ਕਰਨਾ ਕਾਨੂੰਨੀ ਤੌਰ ‘ਤੇ ਗਲਤ ਹੈ। ਅਜਿਹੇ ਤੱਤਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਦਾ ਮਕਸਦ ਸਿਰਫ਼ ਕਾਰਵਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ।

ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਤਰ੍ਹਾਂ ਦੀਆਂ ਮੁਹਿੰਮਾਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ, ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪੁਲਸ ਦੀ ਇਸ ਕਾਰਵਾਈ ਨੂੰ ਇਲਾਕਾ ਵਾਸੀਆਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ।


author

Anmol Tagra

Content Editor

Related News