ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ, ਸਹਾਇਕ ਮੈਨੇਜਰ ਨੇ ਧਰਨਾਕਾਰੀਆਂ ਨੂੰ ਕੀਤੀ ਅਪੀਲ

Wednesday, Jul 27, 2022 - 06:28 PM (IST)

ਮਖੂ (ਵਾਹੀ) : ਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਵਿੱਢੇ ਗਏ ਸੰਘਰਸ਼ ਤਹਿਤ ਧਰਨਾ ਲਾਇਆ ਹੋਇਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਧਰਨਾਰੀਆਂ ਦੇ ਮੰਚ ’ਤੇ ਪਹੁੰਚ ਕੇ ਨਿੱਜੀ ਤੌਰ ’ਤੇ ਅਪੀਲ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਉਹ ਉਨ੍ਹਾਂ ਦਾ ਸਹਿਯੋਗ ਕਰਨ ਤਾਂ ਜੋ ਜਾਂਚ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਧਰਨੇ ਦੌਰਾਨ ਫੈਕਟਰੀ ਦੇ ਸਹਾਇਕ ਮੈਨੇਜਰ ਸਤਿੰਦਰ ਕੁਮਾਰ ਵੱਲੋਂ ਵੀ ਧਰਨਾਰੀਆਂ ਨੂੰ ਅਪੀਲ ਕੀਤੀ ਗਈ ਕਿ ਫੈਕਟਰੀ ਅੰਦਰ ਜੋ ਕਰਮਚਾਰੀ ਹਨ ਉਨ੍ਹਾਂ ਨੂੰ ਖਾਣ-ਪੀਣ ਵਿਚ ਦਿੱਕਤ ਆ ਰਹੀ ਹੈ। ਇਸ ਲਈ ਬਾਹਰ ਤੋਂ ਜੋ ਰਾਸ਼ਨ ਮੰਗਵਾਇਆ ਜਾ ਰਿਹਾ ਹੈ, ਉਹ ਉਸ ਨੂੰ ਅੰਦਰ ਆਉਣ ਤੋਂ ਨਾ ਰੋਕਣ, ਰਾਸ਼ਨ ਦੇ ਸਮਾਨ ਨੂੰ ਅੰਦਰ ਆਉਣ ਦੇਣ ਤਾਂ ਜੋ ਅੰਦਰ ਕਰਮਚਾਰੀਆਂ ਨੂੰ ਖਾਣਾ-ਪੀਣਾ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਠੀਕ ਰਹਿ ਸਕੇ।

ਇਸ ਦੌਰਾਨ ਐੱਸ. ਡੀ. ਐੱਮ ਜ਼ੀਰਾ ਇੰਦਰਪਾਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ-ਪੜਤਾਲ ਜਾਰੀ ਹੈ ਭੂਮੀ ਅਤੇ ਰੱਖਿਆ ਵਿਭਾਗ ਵੱਲੋਂ ਫੈਕਟਰੀ ਦੇ ਆਲੇ-ਦੁਆਲੇ ਦੇ ਮਿੱਟੀ ਦੇ ਸੈਂਪਲ ਲੈ ਲਏ ਗਏ ਹਨ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਵੀ ਪਾਣੀ ਦੇ ਸੈਂਪਲ ਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਰਿਪੋਰਟਾਂ ਦੇ ਸੈਂਪਲ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਦੌਰਾਨ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਫੈਕਟਰੀ ਅੰਦਰ ਰਾਸ਼ਨ-ਪਾਣੀ ਦੀ ਲੋੜ ਹੈ ਇਸ ਲਈ ਰਾਸ਼ਨ-ਪਾਣੀ ਨੂੰ ਅੰਦਰ ਜਾਣ ਤੋ ਨਾ ਰੋਕਿਆ ਜਾਵੇ। ਦੱਸਣਯੋਗ ਹੈ ਕਿ ਪ੍ਰਸ਼ਾਸਨ ਅਤੇ ਫੈਕਟਰੀ ਦੇ ਮੁਲਾਜ਼ਮ ਵੱਲੋਂ ਫੈਕਟਰੀ ਦੇ ਵਰਕਰਾਂ ਲਈ ਰਾਸ਼ਨ-ਪਾਣੀ ਨੂੰ ਅੰਦਰ ਲੈ ਕੇ ਜਾਣ ਦੀ ਅਪੀਲ ਦੇ ਬਾਵਜੂਦ ਵੀ ਧਰਨਾਕਾਰੀਆਂ ਵੱਲੋਂ ਰਾਸ਼ਨ-ਪਾਣੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਰ ਕੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਖਾਣ-ਪੀਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਉਨ੍ਹਾਂ ਦੀ ਸਿਹਤ ਤੇ ਵੀ ਪ੍ਰਭਾਵ ਪਾ ਸਕਦਾ ਹੈ।    


Gurminder Singh

Content Editor

Related News