ਸ਼ਾਰਟ ਸਰਕਟ ਨਾਲ ਬਿਜਲੀ ਦਫਤਰ ''ਚ ਲੱਗੀ ਅੱਗ
Wednesday, Feb 14, 2018 - 03:10 AM (IST)

ਚੋਗਾਵਾਂ, (ਹਰਜੀਤ)- ਪੰਜਾਬ ਰਾਜ ਬਿਜਲੀ ਬੋਰਡ ਦਫਤਰ ਚੋਗਾਵਾਂ ਵਿਖੇ ਅੱਜ ਸਵੇਰੇ 5 ਵਜੇ ਦੇ ਕਰੀਬ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਕਾਰਨ ਪੁਰਾਣਾ ਰਿਕਾਰਡ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਐੱਸ. ਡੀ. ਓ. ਚੋਗਾਵਾਂ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਬਿਜਲੀ ਦਫਤਰ ਚੋਗਾਵਾਂ ਦਾ ਕਮਰਾ ਨੰ. 3 ਜਿਥੇ 10 ਸਾਲ ਦਾ ਰਿਕਾਰਡ (ਕਾਗਜ਼-ਪੱਤਰ) ਪਿਆ ਸੀ, ਵਿਚੋਂ ਅੱਜ ਸਵੇਰੇ 5 ਵਜੇ ਦੇ ਕਰੀਬ ਧੂੰਆਂ ਨਿਕਲ ਰਿਹਾ ਸੀ, ਜਿਸ ਨੂੰ ਦਫਤਰ 'ਚ ਤਾਇਨਾਤ ਰਾਤ ਦੇ ਸਟਾਫ ਨੇ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਮੈਨੂੰ ਤੇ ਹੋਰਨਾਂ ਅਧਿਕਾਰੀਆਂ ਨੂੰ ਦਿੱਤੀ, ਜਿਸ 'ਤੇ ਸਾਰੇ ਮੁਲਾਜ਼ਮ ਤੁਰੰਤ ਹਰਕਤ ਵਿਚ ਆਏ ਤੇ 6 ਵਜੇ ਦੇ ਕਰੀਬ ਦਫਤਰ 'ਚ ਪੁੱਜ ਕੇ ਭਾਰੀ ਜੱਦੋ-ਜਹਿਦ ਤੋਂ ਬਾਅਦ ਪਾਣੀ ਅਤੇ ਮਿੱਟੀ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਐੱਸ. ਡੀ. ਓ. ਨੇ ਦੱਸਿਆ ਕਿ 30 ਫੀਸਦੀ ਦਫਤਰੀ ਰਿਕਾਰਡ ਸੜ ਕੇ ਸੁਆਹ ਹੋ ਗਿਆ, ਜਦੋਂਕਿ ਬਾਕੀ ਰਿਕਾਰਡ ਬਚਾ ਲਿਆ ਗਿਆ।
ਉਨ੍ਹਾਂ ਨਾਲ ਹੀ ਕਿਹਾ ਕਿ ਸਾਡਾ ਸਾਰਾ ਰਿਕਾਰਡ ਕੰਪਿਊਟਰਾਂ 'ਚ ਸੁਰੱਖਿਅਤ ਹੈ, ਜੋ ਕਿ ਅੱਗ ਦੀ ਲਪੇਟ ਵਿਚ ਆਉਣ ਤੋਂ ਬਚ ਗਿਆ। ਐੱਸ. ਡੀ. ਓ. ਜਤਿੰਦਰ ਸ਼ਰਮਾ ਨੇ ਰਤਨ ਲਾਲ, ਪਰਮਜੀਤ ਸਿੰਘ ਆਰ. ਏ., ਰਜਵੰਤ ਸਿੰਘ, ਪਰਮਪਾਲ ਸਿੰਘ ਆਦਿ ਮੁਲਾਜ਼ਮਾਂ ਦੀ ਸਹਾਰਨਾ ਕਰਦਿਆਂ ਕਿਹਾ ਕਿ ਜੇਕਰ ਮੁਲਾਜ਼ਮ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਨਾ ਪਾਉਂਦੇ ਤਾਂ ਸਾਰਾ ਦਫਤਰੀ ਰਿਕਾਰਡ ਸੜ ਕੇ ਸੁਆਹ ਹੋ ਜਾਣਾ ਸੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣਾ ਸੀ। ਇਸ ਘਟਨਾ ਦੀ ਪੁਲਸ ਥਾਣਾ ਲੋਪੋਕੇ ਵਿਖੇ ਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਨੂੰ ਸੂਚਨਾ ਦੇ ਦਿੱਤੀ ਗਈ ਹੈ।