ਝੋਨੇ ਦੀ ਲਿਫਟਿੰਗ ਨੂੰ ਲੈ ਕੇ ਟਰੈਕਟਰ-ਟਰਾਲੀ ਤੇ ਕੈਂਟਰ ਯੂਨੀਅਨ ਆਹਮੋ-ਸਾਹਮਣੇ
Sunday, Oct 08, 2017 - 08:18 AM (IST)
ਗਿੱਦੜਬਾਹਾ (ਕੁਲਭੂਸ਼ਨ) - ਅੱਜ ਬਾਅਦ ਦੁਪਹਿਰ ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਟਰੈਕਟਰ-ਟਰਾਲੀ ਤੇ ਕੈਂਟਰ ਯੂਨੀਅਨ ਆਹਮੋ-ਸਾਹਮਣੇ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਟਰ ਯੂਨੀਅਨ ਦੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀਆਂ 'ਤੇ ਝੋਨੇ ਦੀ ਲਿਫਟਿੰਗ ਕਰਨੀ ਗੈਰ-ਕਾਨੂੰਨੀ ਹੈ ਅਤੇ ਮਾਣਯੋਗ ਹਾਈਕੋਰਟ ਵੱਲੋਂ ਟਰਾਲੀਆਂ ਰਾਹੀਂ ਮਾਲ ਦੀ ਢੋਆ-ਢੁਆਈ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਕਿਉਂਕਿ ਟਰਾਲੀਆਂ ਕੋਲ ਕਿਸੇ ਤਰ੍ਹਾਂ ਦਾ ਕੋਈ ਪਰਮਿਟ ਨਹੀਂ ਹੈ ਅਤੇ ਟਰਾਲੀਆਂ 'ਚ 90 ਗੱਟੇ ਭਰ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਦਕਿ ਕੈਂਟਰ ਮਾਲਕ ਰਜਿਸਟ੍ਰੇਸ਼ਨ, ਪਰਮਿਟ, ਬੀਮਾ ਆਦਿ 'ਤੇ ਖਰਚਾ ਕਰਦੇ ਹਨ ਅਤੇ ਫਿਰ ਵੀ ਟਰਾਲੀ ਵਾਲਿਆਂ ਵੱਲੋਂ ਹਰ ਸੀਜ਼ਨ ਮੌਕੇ ਮਾਲ ਭਰਨ ਨੂੰ ਲੈ ਕੇ ਕੈਂਟਰ ਯੂਨੀਅਨ ਨਾਲ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾਂਦਾ ਹੈ।
ਜਦੋਂ ਇਸ ਪੂਰੇ ਮਾਮਲੇ ਸਬੰਧੀ ਟਰੈਕਟਰ-ਟਰਾਲੀ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਇਸ ਪੂਰੇ ਮਾਮਲੇ ਸਬੰਧੀ ਤਹਿਸੀਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ 4-4 ਵਿਅਕਤੀਆਂ ਨੇ ਆਪਸ ਵਿਚ ਬੈਠ ਕੇ ਉਕਤ ਲਿਫਟਿੰਗ ਦੇ ਮਾਮਲੇ ਦਾ ਹੱਲ ਕਰ ਲਿਆ ਹੈ ਤੇ ਦੋਵੇਂ ਧਿਰਾਂ ਹੀ ਮਾਲ ਦੀ ਲਿਫਟਿੰਗ ਨੂੰ ਲੈ ਕੇ ਸਹਿਮਤ ਹੋ ਗਈਆਂ ਹਨ ਤੇ ਹੁਣ ਉਨ੍ਹਾਂ ਦਰਮਿਆਨ ਕੋਈ ਵੀ ਵਿਵਾਦ ਨਹੀਂ ਹੈ।
