ਕੁੱਤਿਆਂ ਤੋਂ ਬਚ ਕੇ ਭੱਜਦੀਆਂ ਗਊਆਂ ਦੀ ਕਰੰਟ ਨੇ ਲਈ ਜਾਨ

Sunday, Jun 18, 2017 - 11:54 PM (IST)

ਕੁੱਤਿਆਂ ਤੋਂ ਬਚ ਕੇ ਭੱਜਦੀਆਂ ਗਊਆਂ ਦੀ ਕਰੰਟ ਨੇ ਲਈ ਜਾਨ

ਨੂਰਪੁਰਬੇਦੀ, (ਭੰਡਾਰੀ)- ਅੱਤ ਦੀ ਪੈ ਰਹੀ ਗਰਮੀ ਕਾਰਨ ਮੈਦਾਨੀ ਇਲਾਕੇ 'ਚ ਪਿਆਸ ਬੁਝਾਉਣ ਲਈ ਆਈਆਂ 2 ਜੰਗਲੀ ਗਊਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਦਕਿ ਉਕਤ ਗਊਆਂ ਦਾ ਸ਼ਿਕਾਰ ਕਰਨ ਦੀ ਨੀਅਤ ਨਾਲ ਪਿੱਛਾ ਕਰ ਰਹੇ 2 ਕੁੱਤੇ ਵੀ ਕਰੰਟ ਲੱਗਣ ਨਾਲ ਮਰ ਗਏ।  ਪਿੰਡ ਖੇੜਾ ਕਲਮੋਟ ਨੇੜੇ ਬੀਤੀ ਰਾਤ ਵਾਪਰੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਦੀਪਕ ਰਾਣਾ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਸੋਮਾ ਕਰੈਸ਼ਰ ਦੇ ਲਾਗੇ ਟੈਲੀਫੋਨ ਦੇ ਖੰਭੇ ਹੇਠ ਮੀਂਹ ਦਾ ਪਾਣੀ ਖੜ੍ਹਾ ਸੀ। ਜਦੋਂ ਗਊਆਂ ਪਾਣੀ ਪੀਣ ਲੱਗੀਆਂ ਤਾਂ ਕਰੰਟ ਲੱਗਣ ਨਾਲ ਝੁਲਸ ਕੇ ਦਮ ਤੋੜ ਗਈਆਂ। ਖੰਭੇ ਕੋਲੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਤੇ ਹਨੇਰੀ ਚੱਲਣ ਕਾਰਨ ਖੰਭੇ ਨਾਲ ਟਕਰਾਉਣ 'ਤੇ ਕਰੰਟ ਆਇਆ ਹੋਵੇਗਾ। 
ਲੋਕਾਂ ਨੇ ਦੱਸਿਆ ਕਿ ਜੰਗਲੀ ਨੀਲ ਗਊਆਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਪਿੱਛਾ ਕਰ ਰਹੇ 2 ਕੁੱਤੇ ਵੀ ਕਰੰਟ ਦੀ ਲਪੇਟ 'ਚ ਆਉਣ ਨਾਲ ਮਾਰੇ ਗਏ। ਇਨ੍ਹਾਂ ਮਰੇ ਹੋਏ ਕੁੱਤਿਆਂ ਤੇ ਗਊਆਂ ਦੇ ਝੁਲਸੇ ਹੋਏ ਸਰੀਰ ਬਦਬੂ ਮਾਰ ਰਹੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News