ਪਟਾਕੇ ਵੇਚਣ ਲਈ ਲਾਈਸੰਸ ਕੱਲ੍ਹ ਹੋਣਗੇ ਜਾਰੀ

10/15/2017 2:35:13 AM

ਕਪੂਰਥਲਾ,(ਮਲਹੋਤਰਾ)-ਪਟਾਕੇ ਵੇਚਣ ਲਈ ਲਾਇਸੰਸ 16 ਅਕਤੂਬਰ 2017 ਨੂੰ ਜਾਰੀ ਹੋਣਗੇ।  ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਕਪੂਰਥਲਾ 'ਚ ਪਟਾਕੇ ਵੇਚਣ ਲਈ ਲਾਇਸੰਸ ਪ੍ਰਾਪਤ ਕਰਨ ਲਈ ਇੱਛੁਕ ਵਿਅਕਤੀ / ਪਾਰਟੀਆਂ ਆਪਣੀਆਂ ਅਰਜ਼ੀਆਂ 15 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਤੇ 16 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਫੁੱਟਕਲ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਦੇ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਡੀ. ਸੀ. ਮੁਹੰਮਦ ਤਈਅਬ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ 2016 ਦੇ ਮੁਕਾਬਲੇ ਸਿਰਫ 20 ਫੀਸਦੀ ਲਾਇਸੰਸ ਹੀ ਜਾਰੀ ਕੀਤੇ ਜਾਣੇ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਲਾਇਸੰਸ ਜਾਰੀ ਕਰ ਦਿੱਤੇ ਜਾਣਗੇ। ਜੇਕਰ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੋਈ ਤਾਂ ਲਾਇਸੰਸ ਜਾਰੀ ਕਰਨ ਲਈ ਡਰਾਅ ਆਫ ਲਾਟ ਕੱਢਿਆ ਜਾਵੇਗਾ। ਇਸ ਵਾਰ ਪਟਾਕੇ ਸਿਰਫ ਨਿਰਧਾਰਤ ਥਾਵਾਂ 'ਤੇ ਹੀ ਵੇਚੇ ਜਾ ਸਕਣਗੇ। ਥਾਵਾਂ ਨਿਸ਼ਚਿਤ ਕਰਨ ਸਬੰਧੀ ਬਕਾਇਦਾ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮਾਣਯੋਗ ਅਦਾਲਤ ਵੱਲੋਂ ਪਟਾਕੇ ਚਲਾਉਣ ਲਈ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਤੇ ਬਾਅਦ 'ਚ ਪਟਾਕੇ ਚਲਾਉਣ ਅਤੇ ਨਿਰਧਾਰਤ ਸਥਾਨ ਤੋਂ ਬਿਨਾਂ ਹੋਰ ਸਥਾਨ 'ਤੇ ਪਟਾਕੇ ਵੇਚਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਕੋਈ ਪਟਾਕੇ ਦੀ ਆਵਾਜ਼ ਨਿਰਧਾਰਤ ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਧ ਆਵਾਜ਼ ਵਾਲੇ ਪਟਾਕਿਆਂ ਤੇ ਪ੍ਰਦੂਸ਼ਣ ਨਾਲ ਬੀਮਾਰ ਵਿਅਕਤੀ, ਪਸ਼ੂ ਪੰਛੀ, ਗਰਭਵਤੀ ਮਹਿਲਾਵਾਂ ਤੇ ਛੋਟੇ ਬੱਚਿਆਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਵਾਤਾਵਰਣ ਨੂੰ ਦੇਖਦਿਆਂ ਗ੍ਰੀਨ ਦੀਵਾਲੀ ਮਨਾਉਣ ਨੂੰ ਤਰਜ਼ੀਹ ਦੇਣ।


Related News