ਲਿਬਰਟੀ ਮਾਰਕੀਟ ਵਿਚ ਵਿਕ ਰਹੀ ਐਪਲ ਦੀ ਡੁਪਲੀਕੇਟ ਅਸੈਸਰੀ ਜ਼ਬਤ
Tuesday, Jul 24, 2018 - 05:50 AM (IST)
ਅੰਮ੍ਰਿਤਸਰ, (ਸੰਜੀਵ)- ਲਿੰਕ ਰੋਡ ’ਤੇ ਸਥਿਤ ਲਿਬਰਟੀ ਮਾਰਕੀਟ ਵਿਚ ਵਿਕ ਰਹੀ ਐਪਲ ਕੰਪਨੀ ਦੀ ਡੁਪਲੀਕੇਟ ਅਸੈਸਰੀ ਨੂੰ ਅੱਜ ਚੌਕੀ ਸਰਕਟ ਹਾਊਸ ਦੇ ਇੰਚਾਰਜ ਐੱਸ.ਆਈ.ਨਿਸ਼ਾਨ ਸਿੰਘ ਨੇ ਛਾਪਾਮਾਰੀ ਦੌਰਾਨ ਜ਼ਬਤ ਕੀਤਾ, ਜਿਸ ਦੀ ਕੀਮਤ ਲੱਖਾਂ ਰੁਪਏ ਵਿਚ ਹੈ। ਦੋਨਾਂ ਦੁਕਾਨਦਾਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿਰੁੱਧ ਕਾਪੀ ਰਾਈਟ ਐਕਟ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦੀ ਇਹ ਕਾਰਵਾਈ ਗੁਰੂ ਗ੍ਰਾਮ ਦੀ ਕੰਪਨੀ ਪ੍ਰੋਟੈਕਟ ਆਈ.ਪੀ. ਸਲੂਸ਼ਨ ਤੋਂ ਆਏ ਅਧਿਕਾਰੀ ਚੰਦਰ ਸ਼ੇਖਰ ਅਤੇ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ। ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅੰਮ੍ਰਿਤਸਰ ਵਿਚ ਐਪਲ ਕੰਪਨੀ ਦਾ ਡੁਪਲੀਕੇਟ ਸਾਮਾਨ ਭਾਰੀ ਮਾਤਰਾ ਵਿਚ ਵੇਚਿਆ ਜਾ ਰਿਹਾ ਹੈ ਜਿਸ ’ਤੇ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਐੱਸ.ਐੱਸ.ਸ਼੍ਰੀਵਾਸਤਵ ਨਾਲ ਲਿਬਰਟੀ ਮਾਰਕੀਟ ਵਿਚ ਵਿਕ ਰਹੇ ਸਾਮਾਨ ਨੂੰ ਫਡ਼ਨ ਲਈ ਰੇਡ ਸਬੰਧੀ ਪਰਮਿਸ਼ਨ ਲਈ ਗਈ ਜਿਸ ’ਤੇ ਅੱਜ ਮੌਕੇ ਤੋਂ 1600 ਤੋਂ ਜ਼ਿਆਦਾ ਐਪਲ ਕੰਪਨੀ ਦੀ ਫਸਟ ਕਾਪੀ ਦੀ ਡੁਪਲੀਕੇਟ ਅਸੈਸਰੀ ਬਰਾਮਦ ਕੀਤੀ ਗਈ। ਫਡ਼ੇ ਗਏ ਦੁਕਾਨਦਾਰ ਘੱਟ ਮੁੱਲ ’ਤੇ ਸਾਮਾਨ ਲਿਆ ਕੇ ਗਾਹਕਾਂ ਨੂੰ ਵੱਧ ਮੁੱਲ ’ਤੇ ਅਸਲੀ ਦੱਸ ਕੇ ਵੇਚ ਰਹੇ ਸਨ।
ਕੀ ਕਹਿਣਾ ਹੈ ਪੁਲਸ ਦਾ? : ਚੌਕੀ ਸਰਕਟ ਹਾਊਸ ਦੇ ਇੰਚਾਰਜ ਐੱਸ.ਆਈ. ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਅੱਜ ਲਿਬਰਟੀ ਮਾਰਕੀਟ ਵਿਚ ਸਥਿਤ ਜੇ.ਐੱਮ.ਡੀ. ਟੈਲੀਕਾਮ ਅਤੇ ਸਿੰਘ ਮੋਬਾਇਲ ਸੈਂਟਰ ’ਤੇ ਛਾਪਾਮਾਰੀ ਕਰ ਕੇ ਭਾਰੀ ਮਾਤਰਾ ਡੁਪਲੀਕੇਟ ਸਾਮਾਨ ਬਰਾਮਦ ਕੀਤਾ ਤੇ ਅਸੈਸਰੀ ਬਰਾਮਦ ਕੀਤੀ। ਪੁਲਸ ਨੇ ਮਜ਼ਲਮਾਂ ਵਿਰੁੱਧ ਕਾਪੀ ਰਾਈਟ ਐਕਟ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
