ਗੌਰੀ ਲੰਕੇਸ਼ ਦੇ ਕਤਲ ਸੰਬੰਧੀ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Saturday, Sep 09, 2017 - 12:57 AM (IST)

ਰੂਪਨਗਰ, (ਵਿਜੇ)- ਕਰਨਾਟਕ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਬੰਗਲੌਰ 'ਚ ਹੋਏ ਕਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਰੂਪਨਗਰ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਪ੍ਰਧਾਨ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ।
ਮੰਗ ਪੱਤਰ ਵਿਚ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਗਿਆ। ਪ੍ਰੈੱਸ ਕਲੱਬ ਨੇ ਪੱਤਰਕਾਰ ਦੇ ਕਤਲ ਨੂੰ ਪੱਤਰਕਾਰਤਾ ਦੇ ਇਤਿਹਾਸ 'ਚ ਇਕ ਕਾਲਾ ਦਿਨ ਕਰਾਰ ਦਿੱਤਾ। ਇਸ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦਿੱਤੀ ਜਾਵੇ, ਜਿਨ੍ਹਾਂ ਪੱਤਰਕਾਰਾਂ ਨੂੰ ਧਮਕੀਆ ਮਿਲ ਰਹੀਆਂ ਹਨ, ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਤਾਂ ਜੋ ਮੁੜ ਅਜਿਹੀ ਘਟਨਾ ਨਾ ਵਾਪਰੇ।
ਇਸ ਸਮੇਂ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤੀਸ਼ ਜਗੋਤਾ, ਮੀਤ ਪ੍ਰਧਾਨ ਵਿਜੇ ਸ਼ਰਮਾ, ਸਕੱਤਰ ਸਤਨਾਮ ਸਿੰਘ, ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ, ਪੱਤਰਕਾਰ ਅਰੁਣ ਸ਼ਰਮਾ, ਸੁਰਜੀਤ ਗਾਂਧੀ, ਜਗਜੀਤ ਸਿੰਘ ਜੱਗੀ, ਅਜੇ ਅਗਨੀਹੋਤਰੀ, ਰਜਿੰਦਰ ਸੈਣੀ, ਸੰਦੀਪ ਵਸ਼ਿਸ਼ਟ, ਸ਼ਾਮ ਲਾਲ ਬੈਂਸ, ਸਰਬਜੀਤ ਸਿੰਘ, ਅਮਿਤ ਅਰੋੜਾ, ਕਮਲ ਭਾਰਜ, ਅਵਤਾਰ ਸਿੰਘ ਕੰਬੋਜ, ਤਜਿੰਦਰ ਸਿੰਘ, ਸਰਬਜੀਤ ਸਿੰਘ ਕਾਕਾ, ਕੁਲਵੰਤ ਸਿੰਘ, ਬਲਦੇਵ ਸਿੰਘ ਕੋਰੇ ਆਦਿ ਹਾਜ਼ਰ ਸਨ।
ਰੂਪਨਗਰ, (ਵਿਜੇ)- ਕੁਦਰਤਵਾਦੀ ਸਰਬਸਾਂਝੀ ਸਭਾ ਰੂਪਨਗਰ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਵਿਰੁੱਧ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਮਾਜ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੰਦਣਯੋਗ ਹਨ ਤੇ ਇਹ ਲੋਕਤੰਤਰ ਦੀ ਬਜਾਏ ਡਿਕਟੇਟਰਸ਼ਿਪ ਵੱਲ ਵਧਣ ਦਾ ਸੰਕੇਤ ਦਿੰਦੀਆਂ ਹਨ, ਜਿਨ੍ਹਾਂ ਦੇ ਵਿਰੋਧ 'ਚ ਲੋਕਾਂ ਨੂੰ ਲਾਮਬੱਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਤੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਸੰਬੰਧ 'ਚ ਸਭਾ ਵੱਲੋਂ 9 ਸਤੰਬਰ ਨੂੰ ਸੈਣੀ ਭਵਨ ਰੂਪਨਗਰ 'ਚ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿਚ ਉਕਤ ਵਿਸ਼ੇ 'ਤੇ ਸਮਾਜਿਕ ਚੇਤਨਾ ਦਾ ਸੰਚਾਰ ਕੀਤਾ ਜਾਵੇਗਾ।
ਬੰਗਾ, (ਪੂਜਾ/ਮੂੰਗਾ)- ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਬੰਗਲੌਰ 'ਚ ਹੋਏ ਕਤਲ ਦੇ ਵਿਰੋਧ 'ਚ ਬੰਗਾ ਪ੍ਰੈੱਸ ਕਲੱਬ ਵੱਲੋਂ ਐੱਸ.ਡੀ.ਐੱਮ. ਹਰਚਰਨ ਸਿੰਘ ਰਾਹੀਂ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਸੀਨੀਅਰ ਪੱਤਰਕਾਰ ਦੇ ਕਤਲ ਦੀ ਉੱਚ ਪੱਧਰੀ ਜਾਂਚ ਹੋਵੇ।  
ਵਫਦ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ਦਾ ਕਤਲ ਦੱਸਿਆ ਅਤੇ ਕਰਨਾਟਕ ਸਰਕਾਰ ਤੋਂ ਮੰਗ ਕੀਤੀ ਕਿ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਜਸਬੀਰ ਸਿੰਘ ਨੂਰਪੁਰੀ, ਰਾਕੇਸ਼ ਅਰੋੜਾ, ਚਮਲ ਲਾਲ, ਜਤਿੰਦਰ ਕੌਰ ਮੂੰਗਾ, ਰਾਜ ਕੁਮਾਰ ਭਟੋਆ, ਪੂਜਾ ਮੂੰਗਾ, ਧਰਮਵੀਰ, ਨਰਿੰਦਰ ਮਾਹੀ, ਹਰਨੇਕ ਵਿਰਦੀ, ਰਜਿੰਦਰ, ਮਨਜੀਤ ਜੱਬੋਵਾਲ ਆਦਿ ਹਾਜ਼ਰ ਸਨ।


Related News