ਸਨੈਚਰਾਂ ਪਿੱਛੇ ਘੱਟ, ਪ੍ਰਚਾਰ ''ਤੇ ਜ਼ਿਆਦਾ ਜ਼ੋਰ ਦੇ ਰਹੀ ਪੁਲਸ

12/11/2017 7:23:37 AM

ਜਲੰਧਰ, (ਸ਼ੋਰੀ)— ਮਹਾਨਗਰ ਵਿਚ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ, ਜਿਸ ਦਿਨ ਸਨੈਚਿੰਗ ਦੀ ਵਾਰਦਾਤ ਨਾ ਵਾਪਰੀ ਹੋਵੇ ਪਰ ਜਲੰਧਰ ਦੀ ਪੁਲਸ ਪ੍ਰਚਾਰ ਕਰਨ 'ਚ ਰੁੱਝੀ ਹੋਈ ਹੈ। ਇਹ ਗੱਲ ਸੁਣਨ 'ਚ ਤਾਂ ਜ਼ਰੂਰ ਹੈਰਾਨੀ ਵਾਲੀ ਲੱਗਦੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪੁਲਸ ਵਲੋਂ ਬੀਟ ਬਾਕਸ ਤੋਂ ਲੈ ਕੇ ਬੈਰੀਕੇਡਸ ਬੇਗਾਰ 'ਤੇ ਲਿਆ ਕੇ ਉਨ੍ਹਾਂ ਨੂੰ ਸੜਕਾਂ 'ਤੇ ਫਿੱਟ ਕੀਤਾ ਜਾ ਰਿਹਾ ਹੈ। ਜਿੱਥੇ ਪੰਜਾਬ ਸਰਕਾਰ ਇਸ਼ਤਿਹਾਰਾਂ 'ਤੇ ਟੈਕਸ ਲਗਾ ਕੇ ਮਾਲੀਆ ਵਸੂਲ ਰਹੀ ਹੈ, ਉਥੇ ਪੰਜਾਬ ਪੁਲਸ ਪ੍ਰਚਾਰ ਮੁਫਤ 'ਚ ਕਰ ਰਹੀ ਹੈ।
ਉਥੇ ਇਸ ਮਾਮਲੇ 'ਚ ਏ. ਡੀ. ਸੀ. ਪੀ. ਹੈੱਡਕੁਆਰਟਰ ਗੌਤਮ ਸਿੰਗਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਨਹੀਂ ਹੈ, ਏ. ਡੀ. ਸੀ. ਪੀ. ਟ੍ਰੈਫਿਕ ਨਾਲ ਗੱਲ ਕਰੋ। ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਸਿੰਘ ਹੀਰ ਦਾ ਜਵਾਬ ਸੀ ਕਿ ਪੁਲਸ ਦਾ ਕੋਈ ਨਿੱਜੀ ਸੁਆਰਥ ਨਹੀਂ ਹੈ, ਨਗਰ ਨਿਗਮ ਵਾਲੇ ਐਕਸ਼ਨ ਲੈ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਜ ਸੇਵੀ ਸੰਸਥਾਵਾਂ ਵਲੋਂ ਪੁਲਸ ਦੇ ਬੀਟ ਬਾਕਸ ਬੈਰੀਕੇਡਸ ਤਿਆਰ ਕੀਤੇ ਜਾਣੇ ਉਂਝ ਮਾੜੀ ਗੱਲ ਨਹੀਂ ਹੈ। ਸਰਕਾਰ ਦਾ ਫਰਜ਼ ਹੈ ਕਿ ਉਹ ਖੁਦ ਤਿਆਰ ਕਰਵਾਏ।
ਪੁਲਸ ਵਿਭਾਗ 'ਚ ਸੇਵਾ ਕਰਨ ਵਾਲਿਆਂ ਦੀ ਹੁੰਦੀ ਹੈ ਬੱਲੇ-ਬੱਲੇ
ਕਮਿਸ਼ਨਰੇਟ ਪੁਲਸ ਵੱਲੋਂ ਸ਼ਹੀਦ ਭਗਤ ਸਿੰਘ ਚੌਕ 'ਤੇ ਬਣਾਏ ਬੀਟ ਬਾਕਸ 'ਤੇ ਇਕ ਪ੍ਰਾਈਵੇਟ ਕਾਲਜ ਦੀ ਮਿਹਰਬਾਨੀ ਹੈ। ਉਨ੍ਹਾਂ ਨੇ ਪੂਰੇ ਫਲੈਗ ਦਾ ਬੋਰਡ ਬਣਵਾ ਕੇ ਬੀਟ ਬਾਕਸ 'ਤੇ ਲਗਵਾ ਦਿੱਤਾ ਹੈ ਅਤੇ ਹੇਠਾਂ ਆਪਣੀ ਕੰਪਨੀ ਦੀ ਮਸ਼ਹੂਰੀ ਵੀ ਕਰ ਦਿੱਤੀ ਹੈ। ਨਕੋਦਰ ਚੌਕ 'ਚ ਪੁਲਸ ਬੀਟ  ਬਾਕਸ ਇਕ ਪ੍ਰਾਈਵੇਟ ਟੈਲੀਕਾਮ ਕੰਪਨੀ ਦੀ ਮਸ਼ਹੂਰੀ ਕਰ ਰਿਹਾ ਹੈ। ਬੀਟ ਬਾਕਸ 'ਤੇ ਕੰਪਨੀ ਦੇ ਇਸ਼ਤਿਹਾਰ ਲੱਗੇ ਹੋਏ ਹਨ। ਪੁਲਸ ਵਲੋਂ ਬੀਟ ਬਾਕਸ ਇਕ ਪ੍ਰਾਈਵੇਟ ਟੈਲੀਕਾਮ ਕੰਪਨੀ ਵੱਲੋਂ ਤਿਆਰ ਕਰਵਾਏ ਗਏ ਹਨ। ਕੰਪਨੀ ਨੂੰ ਪੈਸਾ ਅਦਾ ਕੀਤਾ ਗਿਆ ਜਾਂ ਨਹੀਂ, ਇਹ ਤਾਂ ਨਹੀਂ ਪਤਾ ਪਰ ਨਗਰ ਨਿਗਮ ਦੀ ਜੇਬ ਜ਼ਰੂਰ ਕੱਟੀ ਗਈ ਹੈ। ਕੰਪਨੀ ਨੇ ਜੋ ਪੈਸਾ ਨਿਗਮ ਨੂੰ ਦੇ ਕੇ ਇਸ਼ਤਿਹਾਰ ਲਗਾਉਣੇ ਸਨ, ਹੁਣ ਉਹ ਪੁਲਸ ਦੀ ਵਗਾਰ ਕਾਰਨ ਮਿੱਟੀ 'ਚ ਮਿਲ ਗਿਆ ਹੈ।ਇਸ ਤੋਂ ਇਲਾਵਾ ਮਹਾਨਗਰ ਦੀਆਂ ਸੜਕਾਂ 'ਤੇ ਦਿਸਣ ਵਾਲੇ ਲੋਹੇ ਦੇ ਬੈਰੀਕੇਡਸ ਜੋ ਕਿ ਟ੍ਰੈਫਿਕ ਤੇ ਚੈਕਿੰਗ ਲਈ ਰਸਤੇ 'ਤੇ ਲੱਗੇ ਹੋਏ ਹਨ, ਸਿੱਖਿਆ ਸੰਸਥਾਨਾਂ ਜਾਂ ਫਿਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਪੁਲਸ ਨੂੰ ਬਣਵਾ ਕੇ ਦਿੱਤੇ ਜਾ ਰਹੇ ਹਨ। ਹਸਪਤਾਲਾਂ ਤੇ ਸੰਸਥਾਨਾਂ ਦੀ ਮਸ਼ਹੂਰੀ ਮੁਫਤ 'ਚ ਹੋ ਰਹੀ ਹੈ ਅਤੇ ਨਾਲ ਹੀ ਪੁਲਸ ਵਿਭਾਗ 'ਚ ਉਨ੍ਹਾਂ ਦੀ ਬੱਲੇ-ਬੱਲੇ ਵੀ ਹੋ ਰਹੀ ਹੈ। ਪੁਲਸ ਅਧਿਕਾਰੀ ਵੀ ਜਦੋਂ ਚਾਹੁਣ ਸਿੱਖਿਆ ਸੰਸਥਾਨਾਂ ਦੇ ਮਾਲਕਾਂ ਨੂੰ ਫੋਨ ਕਰਕੇ ਨਵੇਂ ਬੈਰੀਕੇਡਸ ਦੀ ਡਿਮਾਂਡ ਰੱਖ ਦਿੰਦੇ ਹਨ ਅਤੇ ਬਾਅਦ 'ਚ ਉਨ੍ਹਾਂ ਦੇ ਅਹਿਸਾਨ ਉਤਾਰਦੇ ਹਨ।


Related News