ਵਿਧਾਇਕ ਬੇਰੀ, ਮੇਅਰ ਰਾਜਾ ਦੀ ਸ਼ਿਕਾਇਤ ਅਧਿਕਾਰੀਆਂ ਵਲੋਂ ਨਜ਼ਰਅੰਦਾਜ਼, ਲੋਕਾਂ ''ਚ ਰੋਸ
Monday, May 06, 2019 - 02:41 PM (IST)

ਜਲੰਧਰ (ਚੋਪੜਾ) - ਪੰਜਾਬ 'ਚ ਅਫਸਰਸ਼ਾਹੀ ਕਿਸ ਕਦਰ ਹਾਵੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਨਹਿਤ ਦੇ ਮਾਮਲੇ 'ਤੇ ਹਲਕਾ ਵਿਧਾਇਕ ਰਾਜਿੰਦਰ ਬੇਰੀ ਤੇ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਵਲੋਂ ਪ੍ਰ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਦਿੱਤੀ ਗਈ ਸ਼ਿਕਾਇਤ ਨਜ਼ਰਅੰਦਾਜ਼ ਕਰਕੇ ਮੰਨੋ ਅਧਿਕਾਰੀਆਂ ਨੇ ਰੱਦੀ ਦੀ ਟੋਕਰੀ 'ਚ ਪਾ ਦਿੱਤੀ। ਲੋਕਾਂ 'ਚ ਭਾਰੀ ਰੋਸ ਦੇ ਬਾਵਜੂਦ ਸ਼ਹਿਨਾਈ ਪੈਲੇਸ ਰੋਡ 'ਤੇ ਠੇਕੇ ਦੇ ਵਿਰੋਧ 'ਚ ਟੈਗੋਰ ਨਗਰ, ਦਿਆਲ ਨਗਰ, ਅਸ਼ੋਕ ਨਗਰ ਦੀਆਂ ਤਿੰਨੋਂ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੋਸਾਇਟੀਆਂ ਦੀ ਅਗਵਾਈ 'ਚ ਔਰਤਾਂ, ਬੱਚਿਆਂ ਤੇ ਲੋਕਾਂ ਨੇ ਠੇਕੇ ਦੇ ਸਾਹਮਣੇ ਧਰਨਾ ਲਾ ਦਿੱਤਾ।
ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਵਿਧਾਇਕ ਰਾਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਮੌਕੇ 'ਤੇ ਪਹੁੰਚੇ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਹ ਖੁਦ ਲੋਕਾਂ ਵਿਚ ਧਰਨੇ 'ਤੇ ਜਾ ਬੈਠੇ। ਵਿਧਾਇਕ ਬੇਰੀ ਤੇ ਮੇਅਰ ਰਾਜਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਨਤਾ ਦੀ ਸ਼ਿਕਾਇਤ ਲੈ ਕੇ ਉਹ ਖੁਦ ਡੀ. ਸੀ. ਤੇ ਏ. ਡੀ. ਸੀ. ਨੂੰ ਮਿਲੇ ਸਨ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਐਕਸਾਈਜ਼ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਨੂੰ ਵੀ ਸ਼ਿਕਾਇਤ ਸੌਂਪੀ ਸੀ। ਬੇਰੀ ਤੇ ਰਾਜਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਠੇਕਾ ਬੰਦ ਕਰਵਾਉਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਦਿੱਤਾ ਸਮਾਂ ਖਤਮ ਹੋਣ ਦੇ ਬਾਵਜੂਦ ਠੇਕਾ ਬੰਦ ਨਾ ਹੋਣ 'ਤੇ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਗਏ ਤੇ ਜਦੋਂ ਤੱਕ ਠੇਕਾ ਬੰਦ ਨਹੀਂ ਹੋਵੇਗਾ ਉਦੋਂ ਤੱਕ ਉਹ ਵੀ ਧਰਨੇ 'ਤੇ ਬੈਠੇ ਰਹਿਣਗੇ। ਸ਼ਾਂਤੀਪੂਰਵਕ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਰਿਹਾਇਸ਼ੀ ਇਲਾਕਿਆਂ 'ਚ ਠੇਕਾ ਖੋਲ੍ਹਣ ਦਾ ਸਖਤ ਵਿਰੋਧ ਕਰ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਠੇਕੇ ਕੋਲ ਹੀ ਇਕ ਮੰਦਰ ਤੇ ਸਕੂਲ ਵੀ ਹੈ। ਠੇਕੇ ਕਾਰਨ ਇਲਾਕੇ ਦੀਆਂ ਔਰਤਾਂ ਦਾ ਸੜਕ ਤੋਂ ਲੰਘਣਾ ਮੁਸ਼ਕਲ ਹੋ ਜਾਵੇਗਾ, ਜਿਸ ਕਾਰਨ ਉਹ ਕਿਸੇ ਕੀਮਤ 'ਤੇ ਇਲਾਕੇ 'ਚ ਠੇਕਾ ਨਹੀਂ ਖੁੱਲ੍ਹਣ ਦੇਣਗੇ।
ਇਸ ਦੌਰਾਨ ਮੌਕੇ 'ਤੇ ਪੁਲਸ ਫੋਰਸ ਨਾਲ ਪਹੁੰਚੇ ਏ. ਡੀ. ਸੀ. ਪੀ. ਬਰਜਿੰਦਰ ਸਿੰਘ ਨੇ ਵਿਧਾਇਕ ਤੇ ਮੇਅਰ ਦੀ ਏ. ਡੀ. ਸੀ. ਤੇ ਐੱਸ. ਡੀ. ਐੱਮ.-1 ਦੇ ਨਾਲ ਫੋਨ 'ਤੇ ਗੱਲ ਕਰਵਾਈ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਠੇਕਾ ਬੰਦ ਹੋਵੇਗਾ ਤੇ ਉਸ ਨੂੰ ਕਿਸੇ ਹੋਰ ਸਥਾਨ 'ਤੇ ਸ਼ਿਫਟ ਕਰਵਾਇਆ ਜਾਵੇਗਾ, ਉਪਰੰਤ ਪੁਲਸ ਪ੍ਰਸ਼ਾਸਨ ਦੇ ਭਰੋਸੇ 'ਤੇ ਲੋਕਾਂ ਨੇ ਧਰਨਾ ਖਤਮ ਕਰ ਦਿੱਤਾ। ਇਸ ਮੌਕੇ ਕੌਂਸਲਰ ਪੁੱਤਰ ਅਨਮੋਲ ਗਰੋਵਰ, ਦਿਆਲ ਨਗਰ ਪ੍ਰਧਾਨ ਇਕਬਾਲ ਸਿੰਘ, ਸਕੱਤਰ ਸੰਤੋਖ ਸਿੰਘ, ਅਸ਼ੋਕ ਨਗਰ ਦੇ ਪ੍ਰਧਾਨ ਇਕਬਾਲ ਸਿੰਘ ਨਿੱਜਰ, ਟੈਗੋਰ ਨਗਰ ਦੇ ਪ੍ਰਧਾਨ ਰਾਕੇਸ਼ ਚੌਹਾਨ ਆਦਿ ਮੌਜੂਦ ਸਨ।