ਖਾਲਸਾ ਨੂੰ ਅੱਤਵਾਦੀ ਲਿਖਣ ਵਾਲੇ ਪ੍ਰਕਾਸ਼ਕ ਨੂੰ ''ਜਾਗੋ'' ਭੇਜੇਗੀ ਕਾਨੂੰਨੀ ਨੋਟਿਸ
Monday, Mar 02, 2020 - 08:57 PM (IST)
ਜਲੰਧਰ, (ਚਾਵਲਾ)- ਖਾਲਸਾ ਨੂੰ ਅੱਤਵਾਦੀ ਦੱਸਣ ਦੇ ਮਾਮਲੇ ਵਿਚ ਸੈਂਟ ਗਰੇਗੋਰਿਅਸ ਸਕੂਲ ਦਵਾਰਕਾ ਨੇ 'ਜਾਗੋ' ਪਾਰਟੀ ਨੂੰ ਮਾਫੀਨਾਮਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਅੱਜ ਬਿਨਾਂ ਸ਼ਰਤ ਮੁਆਫੀ ਦਾ ਪੱਤਰ ਦਿੱਤਾ ਹੈ। ਇਹ ਜਾਣਕਾਰੀ 'ਜਾਗੋ' ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਜੀ. ਕੇ. ਨੇ ਦੱਸਿਆ ਕਿ ਸਕੂਲ ਵਲੋਂ ਜਮਾਤ ਸੱਤਵੀਂ ਦੇ ਸਮਾਜਿਕ ਵਿਗਿਆਨ ਦੇ ਪੱਤਰ ਵਿਚ ਪ੍ਰਸ਼ਨ ਨੰਬਰ 15, ਖਾਲੀ ਸਥਾਨ ਭਰਨ ਲਈ 1 ਨੰਬਰ ਦੇ ਬਦਲੇ ਪੁੱਛਿਆ ਗਿਆ ਸੀ। ਜਿਸ ਵਿਚ ਸਿੱਖਾਂ ਨੂੰ ਅੱਤਵਾਦੀ ਦੱਸਿਆ ਗਿਆ ਸੀ। ਜਿਸ ਉੱਤੇ ਅਸੀਂ ਵਿਰੋਧ ਪੱਤਰ ਸਕੂਲ ਨੂੰ ਅੱਜ ਸਵੇਰੇ ਦਿੱਤਾ ਸੀ। ਜਿਸਦੇ ਬਾਅਦ ਪ੍ਰਿੰਸੀਪਲ ਨੇ ਸਾਨੂੰ ਲਿਖਤੀ ਮੁਆਫੀਨਾਮਾ ਦਿੱਤਾ ਹੈ। ਪ੍ਰਿੰਸੀਪਲ ਅਨੁਸਾਰ ਖਾਲਸਾ ਨੂੰ ਅੱਤਵਾਦੀ ਓਰਿਅੰਟ ਬਲੈਕਸਵਨ ਪ੍ਰਕਾਸ਼ਕ ਵਲੋਂ ਪ੍ਰਕਾਸ਼ਿਤ ਕਿਤਾਬ ''ਨਾਉ ਗੇਟਿੰਗ ਅਹੈੱਡ ਇੰਨ ਸੋਸ਼ਲ ਸਾਇੰਸ'' ਵਿਚ ਦੱਸਿਆ ਗਿਆ ਹੈ। ਜਿਸ ਆਧਾਰ 'ਤੇ ਅਸੀਂ ਉਕਤ ਪ੍ਰਸ਼ਨ ਪੁੱਛਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਹੁਣ ਅਸੀਂ ਪ੍ਰਕਾਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਰਹੇ ਹਾਂ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਨੇ ਕਿਹਾ ਕਿ ਖਾਲਸਾ ਕਾਲਜਾਂ ਵਿਚ ਹੁਣ ਹਿੰਸਾ ਹੋ ਰਹੀ ਹੈ। ਪਰ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਚੁੱਪ ਹਨ। ਸਾਡੇ ਬੱਚੇ ਖਾਲਸਾ ਕਾਲਜਾਂ ਵਿਚ ਸੁਰੱਖਿਅਤ ਨਹੀਂ ਹਨ। ਕਿਉਂਕਿ ਕਾਲਜਾਂ ਵਿਚ ਬਾਹਰੀ ਲੋਕਾਂ ਦਾ ਦਾਖਲਾ ਨਹੀਂ ਰੋਕਿਆ ਜਾ ਰਿਹਾ। ਉੱਥੇ ਹੁਣ ਸਰੇਆਮ ਬਦਮਾਸ਼ੀ ਬਾਹਰੀ ਲੋਕ ਆਕੇ ਕਰ ਰਹੇ ਹਨ। ਤਾਜ਼ਾ ਮਾਮਲਾ ਗੁਰੂ ਨਾਨਕ ਦੇਵ ਕਾਲਜ, ਦੇਵ ਨਗਰ ਦਾ ਸਾਹਮਣੇ ਆਇਆ ਹੈ। ਜਿੱਥੇ 25 ਫਰਵਰੀ ਨੂੰ ਵਿਦਿਆਰਥੀਆਂ ਦੇ 2 ਧਿਰਾਂ ਵਿਚ ਜੰਮ ਕੇ ਮਾਰਕੁੱਟ ਹੋਈ ਹੈ। ਜਾਣਕਾਰੀ ਅਨੁਸਾਰ ਇਸ ਹਿੰਸਕ ਟਕਰਾਅ ਦੇ ਬਾਅਦ ਨਜ਼ਫਗੜ੍ਹ ਤੋਂ ਆਏ ਲਗਭਗ 150 ਮੁੰਡਿਆਂ ਨੇ ਕਾਲਜ ਨੂੰ ਘੇਰ ਕੇ ਕਾਲਜ ਵਿਚ ਮੌਜੂਦ ਵਿਦਿਆਰਥੀਆਂ ਨੂੰ ਬਾਹਰ ਆਉਣ ਲਈ ਲਲਕਾਰਿਆ ਸੀ। ਪਰ ਕੋਈ ਮਦਦ ਵਿਦਿਆਰਥੀਆਂ ਤੱਕ ਨਹੀਂ ਪੁੱਜੀ ਅਤੇ ਨਾਂ ਹੀ ਪੁਲਸ ਵਿੱਚ ਕਮੇਟੀ ਨੇ ਸ਼ਿਕਾਇਤ ਦਿੱਤੀ ਹੈ। ਇਸ ਦੌਰਾਨ ਜੀ. ਕੇ. ਨੇ ਕਿਹਾ ਕਿ ਸਿਰਸਾ ਪਾਕਿਸਤਾਨ ਦੇ ਸਿੱਖਾਂ ਉੱਤੇ ਹਰ ਵਕਤ ਬੋਲਣ ਲਈ ਤਿਆਰ ਰਹਿੰਦੇ ਹਨ। ਪਰ ਖਾਲਸਾ ਕਾਲਜਾਂ ਵਿਚ ਹੋ ਰਹੀ ਬਦਮਾਸ਼ੀ ਉੱਤੇ ਚੁੱਪ ਕਿਉਂ ਹਨ?