ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ''ਚ ਹੋਈ ਪੇਸ਼ੀ

Saturday, Oct 19, 2019 - 04:11 PM (IST)

ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ''ਚ ਹੋਈ ਪੇਸ਼ੀ

ਮੋਹਾਲੀ (ਰਾਣਾ) : ਸਾਲ 2011 'ਚ ਪੁਲਸ ਥਾਣਾ ਫੇਜ਼-8 ਮੋਹਾਲੀ 'ਚ ਦਰਜ ਕੇਸ ਤਹਿਤ ਸ਼ੁੱਕਰਵਾਰ ਨੂੰ ਲਾਰੈਂਸ ਬਿਸ਼ਨੋਈ ਦੀ ਮੋਹਾਲੀ ਅਦਾਲਤ 'ਚ ਪੇਸ਼ੀ ਸੀ, ਪਰ ਉਸ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਕਿਉਂਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਸੁਲਤਾਨ ਝੰਡੂ ਗੈਂਗ ਦੇ ਇਕ ਸ਼ਾਰਪ ਸ਼ੂਟਰ ਵਲੋਂ ਪੇਸ਼ੀ ਦੌਰਾਨ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੋਹਾਲੀ ਪੁਲਸ ਵਲੋਂ ਰਾਜਸਥਾਨ ਦੀ ਜੇਲ 'ਚ ਬੰਦ ਬਿਸ਼ਨੋਈ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕੀਤੀ ਗਈ। ਚੰਡੀਗੜ੍ਹ ਦੇ ਪਿੰਡ ਬੁੜੈਲ 'ਚ ਬੀਤੇ ਦਿਨੀਂ ਸੋਨੂੰ ਸ਼ਾਹ ਕਤਲ ਕੇਸ 'ਚ ਵੀ ਲਾਰੈਂਸ ਬਿਸ਼ਨੋਈ ਦਾ ਹੀ ਨਾਂ ਆ ਰਿਹਾ ਹੈ।
ਫੇਸਬੁੱਕ 'ਤੇ ਪੋਸਟ ਕਰ ਦਿੱਤੀ ਸੀ ਧਮਕੀ
ਜਾਣਕਾਰੀ ਮੁਤਾਬਕ 15 ਅਕਤੂਬਰ ਨੂੰ ਸੁਲਤਾਨ ਝੰਡੂ ਸ਼ਾਰਪ ਸ਼ੂਟਰ ਗੈਂਗ ਵਲੋਂ ਫੇਸਬੁੱਕ 'ਤੇ ਇਕ ਪੋਸਟ ਕੀਤਾ ਗਿਆ ਸੀ, ਜਿਸ 'ਤੇ ਲਿਖਿਆ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਦੀ ਮੋਹਾਲੀ ਅਦਾਲਤ 'ਚ 18 ਅਕਤੂਬਰ ਨੂੰ ਪੇਸ਼ੀ ਹੈ, ਜਿਸ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਹਾਲਾਂਕਿ ਪੁਲਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ ਪਰ ਜਦੋਂ ਸ਼ੁੱਕਰਵਾਰ 18 ਅਕਤੂਬਰ ਨੂੰ ਉਸ ਨੂੰ ਮੋਹਾਲੀ ਅਦਾਲਤ 'ਚ ਪੇਸ਼ ਨਾ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਤਾਂ ਸਪੱਸ਼ਟ ਹੋ ਗਿਆ ਕਿ ਪੁਲਸ ਵਿਭਾਗ ਨੇ ਧਮਕੀ ਨੂੰ ਹਲਕੇ 'ਚ ਨਹੀਂ ਲਿਆ ਸੀ।


author

Babita

Content Editor

Related News