ਲਾਰੈਂਸ ਬਿਸ਼ਨੋਈ ਨੂੰ ਭਰਤਪੁਰ ਜੇਲ ਤੋਂ ਲਿਆਈ ਪੁਲਸ, ਲਿਆ 4 ਦਿਨਾਂ ਦਾ ਰਿਮਾਂਡ

11/03/2019 6:46:03 PM

ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਸੋਨੂ ਸ਼ਾਹ ਦੀ ਹੱਤਿਆ ਕਰਵਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸ਼ੇਰ ਸਿੰਘ ਸ਼ਨੀਵਾਰ ਨੂੰ ਰਾਜਸਥਾਨ ਦੇ ਭਰਤਪੁਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਸ਼ਨੀਵਾਰ 7 ਵਜੇ ਚੰਡੀਗੜ੍ਹ ਲੈ ਕੇ ਪੁੱਜੇ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਨੂੰ ਸੈਕਟਰ-43 ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਲਾਰੈਂਸ ਦਾ ਚਾਰ ਦਿਨਾਂ ਪੁਲਸ ਰਿਮਾਂਡ ਅਦਾਲਤ ਤੋਂ ਮੰਗਿਆ। ਰਿਮਾਂਡ ਲਈ ਪੁਲਸ ਨੇ ਦਲੀਲ ਦਿੱਤੀ ਕਿ ਸੋਨੂ ਸ਼ਾਹ ਮਰਡਰ ਕੇਸ 'ਚ ਸ਼ਾਮਲ ਹੋਟਲ ਮੈਨੇਜਰ ਧਰਮਿੰਦਰ ਨੇ ਡਿਸਕਲੋਜ਼ਰ ਸਟੇਟਮੈਂਟ 'ਚ ਕਿਹਾ ਸੀ ਕਿ ਉਸ ਦੀ ਭਰਤਪੁਰ ਜੇਲ 'ਚ ਬੰਦ ਲਾਰੈਂਸ ਨਾਲ ਫੋਨ 'ਤੇ ਗੱਲ ਹੋਈ ਸੀ। ਉਸ ਦੇ ਕਹਿਣ 'ਤੇ ਹੀ ਉਸ ਨੇ ਸੋਨੂ ਸ਼ਾਹ ਦੇ ਹੱਤਿਆਰਿਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਸੀ।

ਖੰਨਾ ਪੁਲਸ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਹੱਤਿਆ ਦੇ ਮੁਲਜ਼ਮ ਸ਼ੁਭਮ ਪ੍ਰਜਾਪਤੀ ਉਰਫ਼ ਬਿਗਨੀ ਨੇ ਵੀ ਆਪਣੀ ਡਿਸਕਲੋਜ਼ਰ ਸਟੇਟਮੈਂਟ ਕਿਹਾ ਸੀ ਕਿ ਉਸ ਨੂੰ ਵੀ ਲਾਰੈਂਸ ਵਲੋਂ ਕਾਲ ਆਈ ਸੀ। ਲਾਰੈਂਸ ਵਲੋਂ ਹੀ ਸੋਨੂ ਸ਼ਾਹ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਦੇ ਕਹਿਣ 'ਤੇ ਹੀ ਉਸ ਨੇ ਹੋਰ ਸਾਥੀਆਂ ਨਾਲ ਮਿਲ ਕੇ ਸੋਨੂ ਦੀ ਹੱਤਿਆ ਕੀਤੀ ਸੀ। ਪੁਲਸ ਨੇ ਅਦਾਲਤ ਨੂੰ ਕਿਹਾ ਕਿ ਸ਼ੁਭਮ ਪ੍ਰਜਾਪਤੀ ਰਿਮਾਂਡ 'ਤੇ ਚੱਲ ਰਿਹਾ ਹੈ। ਉਸ ਨੂੰ ਅਤੇ ਲਾਰੈਂਸ ਬਿਸ਼ਨੋਈ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ। ਮਾਮਲੇ 'ਚ ਹੋਰ ਮੁਲਜ਼ਮ ਅਜੇ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨੀ ਹੈ। ਇਹ ਵੀ ਪਤਾ ਕਰਨਾ ਹੈ ਕਿ ਲਾਰੈਂਸ ਨੇ ਸੋਨੂ ਦੀ ਹੱਤਿਆ 'ਚ ਸ਼ਾਮਲ ਮੁਲਜ਼ਮਾਂ ਨਾਲ ਕਿਸ ਤਰ੍ਹਾਂ ਸੰਪਰਕ ਕੀਤਾ ਅਤੇ ਸਾਜਿਸ਼ ਕਿਵੇਂ ਰਚੀ ਸੀ। ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 4 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਸਖ਼ਤ ਸੁਰੱਖਿਆ ਵਿਚਕਾਰ ਕੀਤਾ ਕੋਰਟ 'ਚ ਪੇਸ਼
ਇੰਸਪੈਕਟਰ ਸ਼ੇਰ ਸਿੰਘ ਬੁੜੈਲ ਨੂੰ ਸੋਨੂ ਸ਼ਾਹ ਦੀ ਹੱਤਿਆ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈਣ ਸ਼ੁੱਕਰਵਾਰ ਨੂੰ 20 ਪੁਲਸ ਜਵਾਨਾਂ ਨਾਲ ਰਾਜਸਥਾਨ ਰਵਾਨਾ ਹੋਏ ਸਨ। ਭਰਤਪੁਰ ਦੀ ਸੈਂਟਰਲ ਜੇਲ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਸਖ਼ਤ ਸੁਰੱਖਿਆ 'ਚ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਸਵੇਰੇ 10 ਵਜੇ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਟੀਮ ਕਰੀਬ 7 ਵਜੇ ਚੰਡੀਗੜ੍ਹ ਪਹੁੰਚੀ ਅਤੇ ਗੈਂਗਸਟਰ ਦਾ ਰਿਮਾਂਡ ਲੈਣ ਲਈ ਉਸ ਨੂੰ ਸਿੱਧਾ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਜ਼ਿਲਾ ਅਦਾਲਤ 'ਚ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਪੁਲਸ ਮੈਡੀਕਲ ਲਈ ਸੈਕਟਰ-16 ਹਸਪਤਾਲ ਲੈ ਕੇ ਗਈ।

ਲਾਰੈਂਸ ਦੇ ਕਹਿਣ 'ਤੇ ਕੀਤੀ ਸੀ ਸੋਨੂ ਸ਼ਾਹ ਦੀ ਹੱਤਿਆ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਗੈਂਗਸਟਰ ਸ਼ੁਭਮ ਪ੍ਰਜਾਪਤੀ ਉਰਫ਼ ਬਿਗਨੀ ਨੇ ਸੋਨੂ ਸ਼ਾਹ ਦੀ ਹੱਤਿਆ ਕੀਤੀ ਸੀ। ਹੱਤਿਆ 'ਚ ਸ਼ੁਭਮ ਪ੍ਰਜਾਪਤੀ ਦੇ ਨਾਲ ਰਾਜੂ, ਰਾਜਨ ਅਤੇ ਕਾਲ਼ਾ ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਠਹਿਰਨ ਦਾ ਸਾਰਾ ਇੰਤਜ਼ਾਮ ਹੋਟਲ ਸੰਚਾਲਕ ਧਰਮਿੰਦਰ ਨੇ ਕੀਤਾ ਸੀ। ਸ਼ੁਭਮ ਪ੍ਰਜਾਪਤੀ ਸਮੇਤ ਚਾਰ ਲੋਕਾਂ ਨੇ 28 ਸਤੰਬਰ ਨੂੰ ਬੁੜੈਲ 'ਚ ਜਾ ਕੇ ਸੋਨੂ ਸ਼ਾਹ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਸੈਕਟਰ-34 ਥਾਣਾ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।


Gurminder Singh

Content Editor

Related News