ਅਮਨ-ਕਾਨੂੰਨ ਸੂਬਾ ਸਰਕਾਰ ਦੀ ਜ਼ਿੰਮੇਵਾਰੀ, ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਜਵਾਬ ਦੇਵੇ ‘ਆਪ’ : ਵਿਜੇ ਸਾਂਪਲਾ

Tuesday, Oct 20, 2026 - 02:05 AM (IST)

ਅਮਨ-ਕਾਨੂੰਨ ਸੂਬਾ ਸਰਕਾਰ ਦੀ ਜ਼ਿੰਮੇਵਾਰੀ, ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਜਵਾਬ ਦੇਵੇ ‘ਆਪ’ : ਵਿਜੇ ਸਾਂਪਲਾ

ਜਲੰਧਰ : ਪੰਜਾਬ ਵਿੱਚ ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ, ਪਰ ਉਸ ਉੱਤੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦਾ ਲੇਖਾ-ਜੋਖਾ ਦੇਣ ਦੀ ਬਜਾਇ ਪੰਜਾਬ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਉੱਤੇ ਚਿੱਕੜ ਸੁੱਟ ਰਹੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਦਾ। ਜਾਰੀ ਬਿਆਨ ਮੁਤਾਬਕ ਅਮਨ ਅਰੋੜਾ ਦੇ ਪੰਜਾਬ ਨੂੰ ਵਾਰ-ਵਾਰ ਬਦਨਾਮ ਕਰਨ ਵਾਲੇ ਬਿਆਨ ਉੱਤੇ ਪਲਟਵਾਰ ਕਰਦਿਆਂ ਵਿਜੇ ਸਾਂਪਲਾ ਨੇ ਸਵਾਲ ਕੀਤਾ ਕਿ ਸੰਗਰੂਰ ਵਿੱਚ ਗੁਲਜ਼ਾਰ ਨੂੰ ਖੁਦਕਸ਼ੀ ਲਈ ਮਜ਼ਬੂਰ ਕਿਸ ਨੇ ਕੀਤਾ। ਕਾਲ਼ਾ ਝੰਡਾ ਦਿਖਾਉਣ ਲਈ ਮੋਹਨਜੀਤ ਸ਼ੋਰੇ ਉੱਤੇ ਤੀਜੇ ਦਰਜੇ ਦਾ ਅੰਨ੍ਹਾ ਤਸ਼ੱਦਦ ਕਿਸ ਨੇ ਕਰਵਾਇਆ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਪਿੱਛੇ ਪਰਿਵਾਰਕ ਮੈਂਬਰ ਕਿਸ ਨੂੰ ਸਾਜ਼ਿਸ਼ ਕਰਤਾ ਦੱਸ ਰਹੇ ਹਨ। ਗੁਰਦਾਸਪੁਰ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਅਤੇ ਫਤਿਹਗੜ੍ਹ ਸਾਹਿਬ ਵਿੱਚ ਲਖਵਿੰਦਰ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਕਿਵੇਂ ਬਚ ਗਏ?

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ, ਜਾਣੋ ਮਾਮਲਾ

ਵਿਜੇ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪਣੀ ਏਸੀ ਕੋਠੀ ਚੋਂ ਬਾਹਰ ਨਿਕਲ ਕੇ ਪੰਜਾਬ ਦੇ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਜੁਟਾਈ ਚਾਹੀਦੀ ਹੈ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਵਿਜੇ ਸਾਂਪਲਾ ਨੇ ਕਿਹਾ ਕਿ ਅਮਨ ਅਰੋੜਾ ਜੀ, ਜੇਕਰ ਸਾਢੇ ਚਾਰ ਸਾਲ ਮੰਤਰੀ ਰਹਿਣ ਤੋਂ ਬਾਅਦ ਵੀ ਤੁਹਾਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਅਮਨ ਕਾਨੂੰਨ ਸਟੇਟ ਸਬਜੈਕਟ ਹੈ, ਤਾਂ ਦਿੱਲੀ ਵਾਲਿਆਂ ਦੇ ਲਿਖੇ-ਲਿਖਾਏ ਬਿਆਨ ਪੜ੍ਹਨ ਦੀ ਬਜਾਇ ਬੋਲਣ ਤੋਂ ਪਹਿਲਾਂ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲਿਆ ਕਰੋ। ਸਾਂਪਲਾ ਨੇ ਕਿਹਾ ਕਿ ਅਮਨ ਅਰੋੜਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸੂਬਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਦੀਆਂ ਜ਼ਿੰਮੇਵਾਰੀਆਂ ਦਾ ਹਵਾਲਾ ਦੇ ਕੇ ਆਪਣੀਆਂ ਨਾਕਾਮੀਆਂ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ। ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਸਰਕਾਰ ਚਲਾਉਣ ਦਾ ਫ਼ਤਵਾ ਦਿੱਤਾ ਹੈ, ਨਾ ਕਿ ਹਰ ਸਮੱਸਿਆ ਲਈ ਕੇਂਦਰ ਨੂੰ ਦੋਸ਼ੀ ਠਹਿਰਾਉਣ ਦਾ ਲਾਇਸੈਂਸ।

ਉਨ੍ਹਾਂ ਕਿਹਾ ਕਿ ਕਿੱਥੇ ਹਨ ਆਪ ਸੁਪਰੀਮੋ ਜੋ ਦਿੱਲੀ ਚ ਕਹਿੰਦੇ ਸੀ ਦਿੱਲੀ ਪੁਲਿਸ ਦਾ ਚਾਰਜ ਮੈਨੂੰ ਦੇ ਦਿਓ, ਸਭ ਕੁਝ ਠੀਕ ਕਰ ਦਿਆਂਗਾ। ਹੁਣ ਪੰਜਾਬ ਪੁਲਿਸ ਦਾ ਚਾਰਜ ਉਨ੍ਹਾਂ ਕੋਲ਼ ਹੈ, ਕਿਉਂ ਨਸ਼ਾ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਕਾਬੂ ਨਹੀਂ ਆ ਰਿਹਾ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮਤੰਰੀ ਅਤੇ ਸੁਪਰ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੋਲ ਪੰਜਾਬ ਦੇ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ, ਪੰਜਾਬ ਦੇ ਮੁੱਖ ਮੰਤਰੀ ਤੇ ਸੁਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਡਰ ਕੇ ਸੂਬਾ ਛੱਡ ਕੇ ਭੱਜੇ ਹੋਏ ਹਨ, ਇਸ ਲਈ ‘ਆਪ’ਸਬੂਾ ਪ੍ਰਧਾਨ ਬੌਂਦਲੇ ਹੋਏ ਬਿਆਨ ਜਾਰੀ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News