ਨਗਰ ਨਿਗਮ ਦੀ ਟਰੈਕਟਰ-ਟਰਾਲੀ ਵੀ ਹਾਦਸੇ ਲਈ ਜ਼ਿੰਮੇਵਾਰ, ਨਹੀਂ ਲੱਗੇ ਸਨ ਰਿਫਲੈਕਟਰ

Monday, Nov 02, 2026 - 11:20 AM (IST)

ਨਗਰ ਨਿਗਮ ਦੀ ਟਰੈਕਟਰ-ਟਰਾਲੀ ਵੀ ਹਾਦਸੇ ਲਈ ਜ਼ਿੰਮੇਵਾਰ, ਨਹੀਂ ਲੱਗੇ ਸਨ ਰਿਫਲੈਕਟਰ

ਜਲੰਧਰ (ਖੁਰਾਣਾ)-ਦੀਵਾਲੀ ਤੋਂ ਲਗਭਗ ਅੱਠ ਦਿਨ ਪਹਿਲਾਂ ਸ਼ਹਿਰ ਵਿਚ ਤੜਕੇ ਹੋਏ ਦਰਦਨਾਕ ਸੜਕ ਹਾਦਸੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿਚ ਸ਼ਹਿਰ ਦੇ ਦੋ ਮੰਨੇ-ਪ੍ਰਮੰਨੇ ਪਰਿਵਾਰਾਂ ਦੇ ਨੌਜਵਾਨ ਪੁੱਤਾਂ ਦੀ ਮੌਤ ਹੋ ਗਈ, ਜਿਸ ਨਾਲ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ਨੇ ਨਾ ਸਿਰਫ਼ ਦੋਵਾਂ ਪਰਿਵਾਰਾਂ ਨੂੰ ਡੂੰਘਾ ਸਦਮਾ ਪਹੁੰਚਾਇਆ, ਸਗੋਂ ਸ਼ਹਿਰ ਵਾਸੀਆਂ ਨੂੰ ਵੀ ਸੁੰਨ ਕਰ ਦਿੱਤਾ। ਐਤਵਾਰ ਨੂੰ ਸਾਰਾ ਦਿਨ ਲੋਕ ਇਸ ਹਾਦਸੇ ਨੂੰ ਲੈ ਕੇ ਚਰਚਾ ਕਰਦੇ ਰਹੇ ਅਤੇ ਸੜਕ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਵਿਖਾਈ ਦਿੱਤੇ।

ਜਾਣਕਾਰੀ ਮੁਤਾਬਕ ਪੰਜ ਦੋਸਤ ਇਕ ਕਾਰ ਵਿਚ ਸਵਾਰ ਸਨ। ਉਨ੍ਹਾਂ ਦੀ ਕਾਰ ਬੀ. ਐੱਮ. ਸੀ. ਚੌਕ ਫਲਾਈਓਵਰ ਤੋਂ ਜਿਉਂ ਹੀ ਹੇਠਾਂ ਉਤਰੀ, ਉਨ੍ਹਾਂ ਨੇ ਏ. ਪੀ. ਜੇ. ਕਾਲਜ ਚੌਕ ਤੋਂ ਯੂ-ਟਰਨ ਲੈ ਲਿਆ। ਜਿਵੇਂ ਹੀ ਉਨ੍ਹਾਂ ਦੀ ਕਾਰ ਫਿਰ ਬੱਸ ਸਟੈਂਡ ਫਲਾਈਓਵਰ ਵੱਲ ਜਾਣ ਲੱਗੀ, ਰਸਤੇ ਵਿਚ ਨਗਰ ਨਿਗਮ ਦੇ ਠੇਕੇਦਾਰ ਦੀ ਇਕ ਟਰੈਕਟਰ-ਟਰਾਲੀ ਸੜਕ ਦੀ ਸਫ਼ਾਈ ਦਾ ਕੰਮ ਕਰ ਰਹੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਟਰਾਲੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਲਾ ਰਹੇ ਨੌਜਵਾਨ ਨੂੰ ਟਰਾਲੀ ਵਿਖਾਈ ਨਹੀਂ ਦਿੱਤੀ ਜਾਂ ਉਸ ਨੂੰ ਸਮਾਂ ਰਹਿੰਦੇ ਇਸ ਦਾ ਪਤਾ ਨਹੀਂ ਚੱਲ ਸਕਿਆ। ਇਸ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ ਜਤਾਇਆ ਦੁੱਖ਼

ਇਸ ਹਾਦਸੇ ਵਿਚ ਕਾਰ ਦੀ ਤੇਜ਼ ਰਫ਼ਤਾਰ ਦੇ ਨਾਲ-ਨਾਲ ਨਗਰ ਨਿਗਮ ਦੇ ਠੇਕੇਦਾਰ ਦੀ ਟਰੈਕਟਰ-ਟਰਾਲੀ ਦੀ ਲਾਪਰਵਾਹੀ ’ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਟਰਾਲੀ ਦੇ ਪਿੱਛੇ ਨਾ ਤਾਂ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਕੋਈ ਅਜਿਹਾ ਸੁਰੱਖਿਆ ਚਿੰਨ੍ਹ ਸੀ, ਜਿਸ ਨਾਲ ਦੂਰੋਂ ਹੀ ਹਨ੍ਹੇਰੇ ਵਿਚ ਟਰਾਲੀ ਦਾ ਪਤਾ ਚੱਲ ਸਕੇ। ਅਜਿਹੇ ਵਿਚ ਸੜਕ ’ਤੇ ਚੱਲ ਰਹੇ ਦੂਜੇ ਵਾਹਨ ਚਾਲਕਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਨੇ ਸ਼ਹਿਰ ਵਿਚ 150 ਤੋਂ ਜ਼ਿਆਦਾ ਟਰਾਲੀਆਂ ਚਲਾਈਆਂ ਹੋਈਆਂ ਹਨ। ਇਹ ਟਰਾਲੀਆਂ ਦਿਨ ਦੇ ਸਮੇਂ ਤਾਂ ਸ਼ਹਿਰ ਦੀਆਂ ਸੜਕਾਂ ’ਤੇ ਚੱਲਦੀਆਂ ਹੀ ਹਨ, ਰਾਤ ਦੇ ਸਮੇਂ ਵੀ ਸਫ਼ਾਈ ਦਾ ਕੰਮ ਕਰਦੀਆਂ ਹਨ। ਅਕਸਰ ਟਰਾਲੀ ਚਾਲਕ ਸੜਕ ਦੇ ਕਿਨਾਰੇ ਜਾਂ ਡਿਵਾਈਡਰ ਨੇੜੇ ਟਰਾਲੀ ਖੜ੍ਹੀ ਕਰਕੇ ਸਫ਼ਾਈ ਕਰਨ ਲੱਗਦੇ ਹਨ। ਕਈ ਵਾਰ ਤਾਂ ਬਿਨਾਂ ਕਿਸੇ ਚਿਤਾਵਨੀ ਜਾਂ ਸੁਰੱਖਿਆ ਇੰਤਜ਼ਾਮ ਦੇ ਟਰਾਲੀ ਨੂੰ ਹਨ੍ਹੇਰੇ ਵਿਚ ਹੀ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਨਾਲ ਪਿੱਛਿਓਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਟਰਾਲੀ ਵਿਖਾਈ ਨਹੀਂ ਦਿੰਦੀ ਅਤੇ ਹਾਦਸਾ ਹੋਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫ਼ਾਸ਼! ਕਰੋੜਾਂ ਦੀ ਹੈਰੋਇਨ ਸਣੇ 2 ਮੁਲਜ਼ਮ ਗ੍ਰਿਫ਼ਤਾਰ

ਪਹਿਲਾਂ ਵੀ ਇਨ੍ਹਾਂ ਟਰੈਕਟਰ-ਟਰਾਲੀਆਂ ਕਾਰਨ ਸੜਕ ਹਾਦਸੇ ਹੋ ਚੁੱਕੇ ਹਨ ਪਰ ਐਤਵਾਰ ਸਵੇਰੇ ਹੋਏ ਹਾਦਸੇ ਨੇ ਇਸ ਸਮੱਸਿਆ ਨੂੰ ਗੰਭੀਰ ਬਣਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਸਫ਼ਾਈ ਦਾ ਕੰਮ ਜ਼ਰੂਰ ਕਰਵਾਵੇ ਪਰ ਇਸ ਲਈ ਲੋਕਾਂ ਦੀ ਜਾਨ ਜੋਖਮ ਵਿਚ ਨਹੀਂ ਪਾਈ ਜਾਣੀ ਚਾਹੀਦੀ।

ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ ਠੇਕੇਦਾਰਾਂ ਦੀਆਂ ਸਾਰੀਆਂ ਟਰੈਕਟਰ-ਟਰਾਲੀਆਂ ਦੇ ਪਿੱਛੇ ਚਮਕਦਾਰ ਰਿਫਲੈਕਟਰ ਲਾਏ ਜਾਣ। ਰਾਤ ਸਮੇਂ ਸਫ਼ਾਈ ਦੌਰਾਨ ਲਾਲ ਬੱਤੀ, ਚਿਤਾਵਨੀ ਲਾਈਟ ਅਤੇ ਹੋਰ ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਜਾਣ। ਟਰਾਲੀਆਂ ਨੂੰ ਸੜਕ 'ਤੇ ਖੜ੍ਹੀਆਂ ਕਰਦੇ ਸਮੇਂ ਵੀ ਢੁਕਵੇਂ ਸੰਕੇਤ ਲਾਏ ਜਾਣ ਤਾਂ ਜੋ ਦੂਰੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਪਹਿਲਾਂ ਹੀ ਸਾਵਧਾਨ ਕੀਤਾ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਦੇ ਠੇਕੇਦਾਰਾਂ ਦੀਆਂ ਕਈ ਟਰਾਲੀਆਂ ਬੇਹੱਦ ਖਸਤਾ ਹਾਲਤ ਵਿਚ ਹਨ। ਅਜਿਹੀਆਂ ਟਰਾਲੀਆਂ ਨੂੰ ਸੜਕਾਂ 'ਤੇ ਚੱਲਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਹਾਲਤ ਅਤੇ ਸੁਰੱਖਿਆ ਇੰਤਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ। ਸਫ਼ਾਈ ਵਿਵਸਥਾ ਜ਼ਰੂਰੀ ਹੈ, ਪਰ ਇਸ ਦੇ ਨਾਂ ’ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ: ਪੰਜਾਬ: ਸੁੱਤੀ ਪਈ ਧੀ ਦਾ ਕਤਲ ਕਰਨ ਵਾਲੇ ਪਿਓ ਨੇ ਵੀ ਛੱਡੀ ਦੁਨੀਆ! ਹਾਲ ਵੇਖ ਉੱਡੇ ਸਭ ਦੇ ਹੋਸ਼

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News