ਵੈਸਟ ਹਲਕੇ ’ਚ ਭਾਜਪਾ ਵਰਕਰਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ
Tuesday, Oct 20, 2026 - 01:13 AM (IST)
ਜਲੰਧਰ (ਗੁਲਸ਼ਨ) – ਜਲੰਧਰ ਵੈਸਟ ਹਲਕੇ ਵਿਚ ਭਾਜਪਾ ਵਰਕਰਾਂ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਅਗਵਾਈ ਵਿਚ ਨਸ਼ੇ ਦੇ ਕਾਰੋਬਾਰ, ਗੁੰਡਾਗਰਦੀ ਅਤੇ ਵਿਗੜਦੀ ਕਾਨੂੰਨ ਵਿਵਸਥਾ ਖ਼ਿਲਾਫ਼ ਬਾਬੂ ਜਗਜੀਵਨ ਰਾਮ ਚੌਕ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦੋਸ਼ ਲਾਇਆ ਕਿ ਜਲੰਧਰ ਵੈਸਟ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ ਅਤੇ ਆਮ ਜਨਤਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਵੈਸਟ ਹਲਕੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕੁਝ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਪ੍ਰਾਪਤ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਭੇਟ ਚੜ੍ਹ ਰਹੀ ਹੈ ਪਰ ਸਰਕਾਰ ਨਸ਼ਾ ਸਮੱਗਲਿੰਗ ’ਤੇ ਪ੍ਰਭਾਵੀ ਰੋਕ ਲਾਉਣ ਵਿਚ ਨਾਕਾਮ ਦਿਖਾਈ ਦੇ ਰਹੀ ਹੈ। ਅੰਗੁਰਾਲ ਨੇ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਦਵਿੰਦਰ ਭਾਰਦਵਾਜ, ਮੰਡਲ ਪ੍ਰਧਾਨ ਰਿਸ਼ੀ ਬਹਿਲ, ਕੌਂਸਲਰ ਤਰਵਿੰਦਰ ਸੋਈ, ਅਸ਼ੋਕ ਚੱਢਾ, ਯੋਗੇਸ਼ ਮਲਹੋਤਰਾ, ਆਦਿੱਤਿਆ ਸ਼ਰਮਾ, ਸੁਸ਼ਾਂਤ ਕੋਹਲੀ, ਰਵੀ ਵਿਨਾਇਕ, ਦਵਿੰਦਰ ਖੇੜਾ, ਰਾਜੀਵ ਵਰਮਾ, ਲੱਕੀ ਵਿਰਦੀ, ਗੋਲਡੀ ਭਾਟੀਆ, ਅਜੈ ਠਾਕੁਰ, ਦਰਸ਼ਨ ਲਾਲ ਭਗਤ, ਕੌਂਸਲਰ ਅਜੈ ਬੱਬਲ, ਦਿਨੇਸ਼ ਭਗਤ, ਸਚਿਨ ਸਰੀਨ, ਕ੍ਰਿਸ਼ਨਾ ਮੀਨੀਆ, ਸੁਨੀਲ ਮੌਂਟੂ, ਵਰੁਣ ਤਨੇਜਾ, ਸ਼ਿਵ ਸ਼ਰਮਾ, ਵਿਕਾਸ ਸ਼ਰਮਾ, ਪੰਕਜ ਸਾਰੰਗਲ ਸਮੇਤ ਕਈ ਭਾਜਪਾ ਵਰਕਰ ਮੌਜੂਦ ਰਹੇ।
