ਯਾਤਰੀ ਰਹਿਣ ਸਾਵਧਾਨ, ਜਲੰਧਰ ਵਿਖੇ 4 ਘੰਟੇ ਨੈਸ਼ਨਲ ਹਾਈਵੇਅ ਅਤੇ ਰੇਲ ਆਵਾਜਾਈ ਰਹੇਗੀ ਠੱਪ, ਜਾਣੋ ਕਾਰਨ

01/16/2023 11:03:12 AM

ਜਲੰਧਰ (ਚੋਪੜਾ)-ਲਤੀਫ਼ਪੁਰਾ ਵਿਚ ਬੇਘਰ ਕੀਤੇ ਲੋਕਾਂ ਨੂੰ ਉਸੇ ਜ਼ਮੀਨ ’ਤੇ ਵਸਾਉਣ ਲਈ ਸੰਘਰਸ਼ ਕਰ ਰਹੇ ਲਤੀਫ਼ਪੁਰਾ ਪੁਨਰਵਾਸ ਸੰਯੁਕਤ ਮੋਰਚਾ ਅੱਜ ਧੰਨੋਵਾਲੀ ਫਾਟਕ ਨੇੜੇ ਨੈਸ਼ਨਲ ਹਾਈਵੇਅ ਅਤੇ ਰੇਲ ਆਵਾਜਾਈ ਨੂੰ ਜਾਮ ਕਰੇਗਾ। ਮੋਰਚੇ ਵੱਲੋਂ ਸਵੇਰੇ 11.30 ਤੋਂ ਲੈ ਕੇ ਦੁਪਹਿਰ 3.30 ਵਜੇ ਤੱਕ ਜਾਮ ਲਾਇਆ ਜਾਵੇਗਾ। ਮੋਰਚੇ ਦੇ ਜਾਮ ਨਾਲ ਨੈਸ਼ਨਲ ਹਾਈਵੇਅ ’ਤੇ ਆ ਰਹੇ ਦੂਰ-ਦੁਰਾਡੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਥੇ ਹੀ, ਰੇਲ ਆਵਾਜਾਈ ਰੋਕਣ ਨਾਲ ਟਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਸੰਗਠਨਾਂ ਦੇ ਮੈਂਬਰਾਂ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਵੱਖ-ਵੱਖ ਸੰਗਠਨਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਹੋਰ ਇਨਸਾਫ਼ ਪਸੰਦ ਲੋਕ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼

ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਮੋਰਚਾ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ, ਕਸ਼ਮੀਰ ਸਿੰਘ ਘੁੱਗਸ਼ੋਰ, ਡਾ. ਗੁਰਦੀਪ ਸਿੰਘ ਭੰਡਾਲ, ਹੰਸ ਰਾਜ ਪੱਬਮਾਂ, ਹਰਜਿੰਦਰ ਕੌਰ, ਬਲਜਿੰਦਰ ਕੌਰ, ਪਰਮਿੰਦਰ ਕੌਰ ਸਿੰਘ ਬਾਜਵਾ, ਸੁਖਜੀਤ ਸਿੰਘ, ਮਹਿੰਦਰ ਸਿੰਘ ਬਾਜਵਾ ਅਤੇ ਬੋਹਰ ਸਿੰਘ ਹਜ਼ਾਰਾ ਨੇ ਦੱਸਿਆ ਕਿ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਨੂੰ ਉਸ ਥਾਂ ’ਤੇ ਵਸਾਇਆ ਨਹੀਂ ਜਾਂਦਾ, ਉਨ੍ਹਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਦਿੱਤੀ ਜਾਂਦੀ ਅਤੇ ਗਾਲੀ-ਗਲੋਚ ਕਰਨ ਵਾਲੇ ਡੀ. ਸੀ. ਪੀ. ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਨੂੰ ਬੇਘਰ ਕੀਤੇ ਜਾਣ ਦੇ ਮੁੱਦੇ ’ਤੇ ਭਗਵੰਤ ਮਾਨ ਸਰਕਾਰ ਦੀ ਚੁੱਪ ਤੋੜਨ ਲਈ ਹਾਈਵੇ ਅਤੇ ਰੇਲਵੇ ਜਾਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਮੋਰਚੇ ਦੇ ਮੈਂਬਰਾਂ ਅਤੇ ਪੀੜਤ ਪਰਿਵਾਰਾਂ ਵੱਲੋਂ ਐਤਵਾਰ ਸ਼ਾਮੀਂ ਹਮੇਸ਼ਾ ਵਾਂਗ ਮੋਰਚੇ ਨੇੜੇ ਲਤੀਫਪੁਰਾ ਚੌਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦਾ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੋਰਚੇ ਦੇ ਆਗੂਆਂ ਨੇ ਆਮ ਜਨਤਾ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਲੰਧਰ-ਲੁਧਿਆਣਾ ਹਾਈਵੇ ’ਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੀ 9 ਦਸੰਬਰ ਨੂੰ ਲਤੀਫਪੁਰਾ ਵਿਚ ਲੋਕਾਂ ਦੇ ਘਰਾਂ ਨੂੰ ਢਹਿ-ਢੇਰੀ ਕਰਕੇ ਉਨ੍ਹਾਂ ਦੇ ਸਿਰ ਤੋਂ ਛੱਤ ਖੋਹ ਲਈ ਸੀ, ਜਿਸ ਦੇ ਬਾਅਦ ਤੋਂ ਹੀ ਲਤੀਫ਼ਪੁਰਾ ਵਿਚ ਬੇਘਰ ਹੋਏ ਸੈਂਕੜੇ ਲੋਕ ਲਗਾਤਾਰ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ।

ਇਹ ਵੀ ਪੜ੍ਹੋ :ਪੰਜ ਤੱਤਾਂ 'ਚ ਵਿਲੀਨ ਹੋਏ ਸੰਤੋਖ ਸਿੰਘ ਚੌਧਰੀ, ਰਾਹੁਲ ਗਾਂਧੀ ਸਣੇ ਕਾਂਗਰਸੀ ਲੀਡਰਸ਼ਿਪ ਨੇ ਦਿੱਤੀ ਅੰਤਿਮ ਵਿਦਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News