ਪਿਛਲੇ ਸਾਲ ਦੇ ਪਏ ਕੰਮ ਇਸ ਸਾਲ ਤੇਜ਼ੀ ਨਾਲ ਮੁਕੰਮਲ ਕਰਵਾਏ ਜਾਣਗੇ: ਗੁਰਨੀਤ ਤੇਜ
Wednesday, Jan 03, 2018 - 01:04 PM (IST)
ਰੂਪਨਗਰ (ਵਿਜੇ)— ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਨੇ ਮੰਗਲਵਾਰ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ 'ਚ ਨਵੇਂ ਸਾਲ 2018 ਦੀ ਆਮਦ 'ਤੇ ਰੂ-ਬ-ਰੂ ਹੁੰਦਿਆਂ ਸਾਲ 2017 ਦੌਰਾਨ ਉਨ੍ਹਾਂ ਨੂੰ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਸ ਸਾਲ ਵੀ ਉਹ ਜ਼ਿਲਾ ਪ੍ਰਸ਼ਾਸਨ ਨੂੰ ਸਾਕਾਰਾਤਮਿਕ ਸਹਿਯੋਗ ਦਿੰਦੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪਿਛਲਾ ਸਾਲ ਪ੍ਰਸ਼ਾਸਨ ਲਈ ਬੜੇ ਰੁਝੇਵਿਆਂ ਵਾਲਾ ਰਿਹਾ ਹੈ ਅਤੇ ਖਾਸ ਕਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ ਜੋ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਵਿਖੇ 24 ਦਸੰਬਰ ਨੂੰ ਮਨਾਇਆ ਗਿਆ, ਇਸ ਸਮਾਗਮ ਦੌਰਾਨ ਜੋ ਸਹਿਯੋਗ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ ਉਸ ਸਦਕਾ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਪ੍ਰੋਗਰਾਮ ਇੰਨਾ ਵੱਡਾ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸ਼ਾਇਦ ਕਿਤੇ ਕੋਈ ਊਣਤਾਈ ਰਹਿ ਗਈ ਹੋਵੇ ਪਰ ਜ਼ਿਲੇ ਦੀ ਸਮੁੱਚੀ ਪ੍ਰੈੱਸ ਨੇ ਚੰਗਾ ਰੋਲ ਅਦਾ ਕੀਤਾ। ਪਿਛਲੇ ਸਾਲ ਦੌਰਾਨ ਜੋ ਕੋਈ ਕੰਮ ਬਕਾਇਆ ਰਹਿ ਗਏ ਹਨ ਉਹ ਇਸ ਸਾਲ ਦੌਰਾਨ ਮੁਕੰਮਲ ਹੋ ਜਾਣਗੇ। ਆਉਣ ਵਾਲੇ ਸਮੇ ਦੌਰਾਨ ਹੋਲਾ-ਮਹੱਲਾ ਦੇ ਰਾਸ਼ਟਰੀ ਸਮਾਗਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਇਸ ਸਮਾਗਮ ਦੌਰਾਨ ਪਿਛਲੇ ਸਾਲਾਂ ਨਾਲੋਂ ਹਟ ਕੇ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਟ੍ਰੈਫਿਕ ਦੇ ਸੁਚੱਜੇ ਪ੍ਰਬੰਧ ਕਰਦੇ ਹੋਏ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਿਚ ਸੁਧਾਰ ਲਿਆਂਦਾ ਜਾਵੇਗਾ। ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸ਼ਹੀਦ ਸਿੰਘਾਂ ਦੀ ਯਾਦ ਵਿਚ ਉਸਾਰੀ ਅਧੀਨ ਥੀਮ ਪਾਰਕ ਦੇ ਪਹਿਲੇ ਪੜਾਅ ਦਾ ਕੰਮ ਮਾਰਚ 2018 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਕੋਰੇ ਨੇ ਉਨ੍ਹਾਂ ਵੱਲੋਂ ਲਿਖਤ ਪੁਸਤਕ 'ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੰਖੇਪ ਇਤਿਹਾਸ' ਵੀ ਡਿਪਟੀ ਕਮਿਸ਼ਨਰ ਨੂੰ ਭੇਟ ਕੀਤੀ। ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੀ ਮੌਜੂਦ ਸਨ।
