ਵਿਆਹ ’ਚ ਹੋਇਆ ਵੱਡਾ ਇਕੱਠ : ਮੈਰਿਜ ਪੈਲੇਸ ਦੇ ਐੱਮ. ਡੀ. ਸਮੇਤ 6 ਖ਼ਿਲਾਫ਼ ਮਾਮਲਾ ਦਰਜ

04/25/2021 12:01:08 PM

ਰਾਮਪੁਰਾ ਫੂਲ (ਤਰਸੇਮ) : ਪੁਲਸ ਥਾਣਾ ਸਿਟੀ ਰਾਮਪੁਰਾ ਵੱਲੋਂ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਲਹਿਰਾ ਧੂਰਕੋਟ ਨੇੜੇ ਇਕ ਮੈਰਿਜ਼ ਪੈਲੇਸ ’ਚ ਛਾਪੇਮਾਰੀ ਕਰ ਕੇ ਪੈਲੇਸ ਦੇ 2 ਐੱਮ. ਡੀ., 2 ਮੈਨੇਜਰ ਅਤੇ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਪਿਤਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਸਕਾਈ ਹਾਇਟ ਮੈਰਿਜ ਪੈਲੇਸ ਵਿਖੇ ਹੋ ਰਹੇ ਵਿਆਹ ਸਮਾਗਮ ’ਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਆਕਸੀਜਨ ਦੀ ਮੰਗ ਵਧੀ, ਮੁੱਖ ਮੰਤਰੀ ਵਲੋਂ ਕੰਟਰੋਲ ਰੂਮ ਬਣਾਉਣ ਦੇ ਹੁਕਮ

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਵਧ ਰਹੇ ਪ੍ਰਭਾਵ ਨੂੰ ਵੇਖਦਿਆਂ ਵੱਖ-ਵੱਖ ਥਾਵਾਂ ਸਮੇਤ ਵਿਆਹ ਸਮਾਗਮਾਂ ਵਿਚ ਇਕੱਠ ਕਰਨ ’ਤੇ ਪਾਬੰਦੀ ਲਗਾਈ ਗਈ ਹੈ ਪਰ ਉਕਤ ਪੈਲੇਸ ਵਿਖੇ ਰੱਖੇ ਵਿਆਹ ਸਮਾਗਮ ਦੀ ਕੋਈ ਵੀ ਮਨਜੂਰੀ ਨਹੀਂ ਲਈ ਗਈ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ 100 ਤੋਂ ਵੱਧ ਵਿਅਕਤੀਆਂ ਦਾ ਇਕੱਠ ਕੀਤਾ ਗਿਆ। ਜਿਸ ’ਤੇ ਕਾਰਵਾਈ ਕਰਦਿਆਂ ਮੈਰਿਜ ਪੈਲੇਸ ਦੇ ਦੋ ਐੱਮ. ਡੀ. , ਦੋ ਮੈਨੇਜਰਾਂ ਤੇ ਕੁੜੀ ਅਤੇ ਮੁੰਡੇ ਦੇ ਪਿਤਾ ਖ਼ਿਲਾਫ਼ ਪੁਲਸ ਥਾਣਾ ਸਿਟੀ ਰਾਮਪੁਰਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਗਏ ਉਕਤ ਮੁਲਜ਼ਮਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਐਤਵਾਰ ਲਾਕਡਾਊਨ ਦੌਰਾਨ ਵੀ ਬਹਾਲ ਰਹੀਆਂ ਰੇਲ ਸੇਵਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Anuradha

Content Editor

Related News