ਚੰਡੀਗੜ੍ਹ ਦੇ ''ਲੰਗਰ ਬਾਬਾ'' ਨੇ ਦੁਨੀਆ ਨੂੰ ਕਿਹਾ ਅਲਵਿਦਾ, 21 ਸਾਲਾਂ ਤੋਂ PGI ਬਾਹਰ ਲਾ ਰਹੇ ਸਨ ਲੰਗਰ (ਤਸਵੀਰਾਂ)
Tuesday, Nov 30, 2021 - 11:06 AM (IST)
ਚੰਡੀਗੜ੍ਹ (ਪਾਲ) : 21 ਸਾਲਾਂ ਤੋਂ ਪੀ. ਜੀ. ਆਈ. ’ਚ ਮਰੀਜ਼ਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਉਣ ਵਾਲੇ ਜਗਦੀਸ਼ ਲਾਲ ਆਹੂਜਾ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਜਗਦੀਸ਼ ਲਾਲ ਆਹੂਜਾ ‘ਲੰਗਰ ਬਾਬਾ’ ਦੇ ਨਾਂ ਨਾਲ ਮਸ਼ਹੂਰ ਸਨ। ਪੀ. ਜੀ. ਆਈ. ਹੀ ਨਹੀਂ, ਸਗੋਂ ਜੀ. ਐੱਮ. ਸੀ. ਐੱਚ. ਅਤੇ ਕਈ ਕਾਲੋਨੀਆਂ ’ਚ ਲੋੜਵੰਦਾਂ ਲਈ ਉਹ ਲੰਗਰ ਲਾਉਂਦੇ ਰਹੇ। ਲੋੜਵੰਦਾਂ ਨੂੰ ਖਾਣਾ ਖਵਾਉਣ ਲਈ ਜਗਦੀਸ਼ ਲਾਲ ਆਹੂਜਾ ਨੇ ਆਪਣੀ ਕਰੋੜਾਂ ਦੀ ਜਾਇਦਾਦ ਤੱਕ ਵੇਚ ਦਿੱਤੀ ਸੀ। ਜੀਵਨ ਦੇ ਆਖ਼ਰੀ ਸਾਹ ਤੱਕ ਉਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਜਾਰੀ ਰੱਖਿਆ। ਉਨ੍ਹਾਂ ਦੇ ਇਨ੍ਹਾਂ ਸਮਾਜਿਕ ਕੰਮਾਂ ਨੂੰ ਵੇਖਦਿਆਂ ਪਿਛਲੇ ਸਾਲ 2020 ਵਿਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ਼੍ਰੀ ਦੇਣ ਦਾ ਐਲਾਨ ਕੀਤਾ ਗਿਆ ਸੀ। ਲੰਗਰ ਬਾਬਾ ਨੂੰ ਬੀਤੇ ਦਿਨੀਂ ਰਾਸ਼ਟਰਪਤੀ ਭਵਨ ਵੱਲੋਂ ਪਦਮਸ਼੍ਰੀ ਐਵਾਰਡ ਲੈਣ ਲਈ ਸੱਦਾ ਵੀ ਮਿਲਿਆ ਸੀ। 8 ਨਵੰਬਰ ਨੂੰ ਨਵੀਂ ਦਿੱਲੀ ਰਾਸ਼ਟਰਪਤੀ ਭਵਨ ’ਚ ਸਨਮਾਨਿਤ ਕੀਤਾ ਜਾਣਾ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਦਿੱਲੀ ’ਚ ਪਦਮਸ਼੍ਰੀ ਲੈਣ ਨਹੀਂ ਪਹੁੰਚ ਸਕੇ। ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਜਗਦੀਸ਼ ਆਹੂਜਾ ਨੂੰ ਉਨ੍ਹਾਂ ਦੇ ਘਰ ਹੀ ਪਦਮਸ਼੍ਰੀ ਦੇਣ ਲਈ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋਸ਼ਲ ਸਰਵਿਸਿਜ਼ ’ਚ ਇਹ ਐਵਾਰਡ ਹਾਸਲ ਕਰਨ ਵਾਲੇ ਜਗਦੀਸ਼ ਲਾਲ ਆਹੂਜਾ ਇਕੱਲੇ ਵਿਅਕਤੀ ਸਨ। ਇਹੀ ਨਹੀਂ, ਯੂ. ਟੀ. ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੋ ਵਾਰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦਿਹਾਂਤ ਤੋਂ ਬਾਅਦ ਵੀ ਜਾਰੀ ਰਿਹਾ ਲੰਗਰ
ਆਹੂਜਾ ਦੇ ਲੰਗਰ ਦਾ ਸਿਲਸਿਲਾ 40 ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਦੇ ਜਨਮ ਦਿਨ ’ਤੇ ਸ਼ੁਰੂ ਹੋਇਆ ਸੀ। ਜਨਮ ਦਿਨ ’ਤੇ ਉਨ੍ਹਾਂ ਨੇ ਸੈਕਟਰ-26 ਮੰਡੀ ’ਚ ਲੰਗਰ ਲਾਇਆ। ਲੰਗਰ ’ਚ ਸੈਂਕੜੇ ਲੋਕਾਂ ਦੀ ਭੀੜ ਜੁੱਟੀ। ਖਾਣਾ ਘੱਟ ਪੈਣ ’ਤੇ ਕੋਲ ਬਣੇ ਢਾਬੇ ਤੋਂ ਰੋਟੀ ਮੰਗਵਾਈ। ਉਸ ਤੋਂ ਬਾਅਦ ਤੋਂ ਮੰਡੀ ’ਚ ਲੰਗਰ ਲੱਗਣ ਲੱਗਾ। ਜਨਵਰੀ 2000 ’ਚ ਜਦੋਂ ਉਨ੍ਹਾਂ ਦੇ ਪੇਟ ਦਾ ਆਪ੍ਰੇਸ਼ਨ ਹੋਇਆ ਤਾਂ ਪੀ. ਜੀ. ਆਈ. ਦੇ ਬਾਹਰ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ। ਫਿਰ ਇਹ ਸਿਲਸਿਲਾ ਕਦੇ ਰੁਕਿਆ ਨਹੀਂ। ਸੋਮਵਾਰ ਨੂੰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਵੀ ਲੰਗਰ ਜਾਰੀ ਰਿਹਾ, ਜੋ ਸਵੇਰੇ 10.30 ਤੋਂ ਦੁਪਹਿਰ 12 ਵਜੇ ਤੱਕ ਚੱਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਨਾਲੋਂ ਜ਼ਿਆਦਾ ਵਧੇਗੀ ਠੰਡ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਕੋਵਿਡ ਕਾਲ ’ਚ ਵੀ ਲੰਗਰ ਲਾਉਣਾ ਜਾਰੀ ਰੱਖਿਆ
ਆਹੂਜਾ ਨੇ ਸ਼ੁਰੂਆਤੀ ਦਿਨਾਂ ’ਚ ਚੰਡੀਗੜ੍ਹ ’ਚ ਆਉਣ ਤੋਂ ਬਾਅਦ ਰੇਹੜੀ ’ਤੇ ਕੇਲੇ ਵੇਚਣ ਦਾ ਕੰਮ ਵੀ ਕੀਤਾ। ਸਖ਼ਤ ਮਿਹਨਤ ਨਾਲ ਕਾਫ਼ੀ ਜਾਇਦਾਦ ਬਣਾਈ। ਸੈਕਟਰ-23 ਚੰਡੀਗੜ੍ਹ ’ਚ ਰਹਿਣ ਵਾਲੇ ਜਗਦੀਸ਼ ਲਾਲ ਆਹੂਜਾ ਇਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਪੀ. ਜੀ. ਆਈ. ’ਚ ਹੀ ਇਲਾਜ ਚੱਲ ਰਿਹਾ ਸੀ। ਚੱਲਣ ’ਚ ਅਸਮੱਰਥ ਹੋਣ ਦੇ ਬਾਵਜੂਦ ਹੁਣ ਪੀ. ਜੀ. ਆਈ. ਦੇ ਬਾਹਰ ਉਨ੍ਹਾਂ ਦਾ ਲੰਗਰ ਜਾਰੀ ਹੈ। ਕੋਵਿਡ ਕਾਲ ’ਚ ਵੀ ਉਨ੍ਹਾਂ ਨੇ ਲੰਗਰ ਲਾਉਣਾ ਜਾਰੀ ਰੱਖਿਆ। ਆਪਣੇ ਬੇਟੇ ਦੇ ਅੱਠਵੇਂ ਜਨਮ ਦਿਨ ਮੌਕੇ 100 ਲੋਕਾਂ ਨੂੰ ਖਾਣਾ ਖਵਾਉਣ ਤੋਂ ਬਾਅਦ ਉਨ੍ਹਾਂ ਨੇ ਇਹ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ। ਸਰਦੀ ਹੋਵੇ ਜਾਂ ਗਰਮੀ ਪਰ ਕਦੇ ਵੀ ਉਨ੍ਹਾਂ ਦਾ ਲੰਗਰ ਬੰਦ ਨਹੀਂ ਹੋਇਆ। ਆਹੂਜਾ ਪੇਟ ਦੇ ਕੈਂਸਰ ਤੋਂ ਪੀੜਤ ਸਨ। ਜ਼ਿਆਦਾ ਦੂਰ ਚੱਲ ਨਹੀਂ ਸਕਦੇ ਸਨ। ਇਸ ਦੇ ਬਾਵਜੂਦ ਲੋਕਾਂ ਦੀ ਮਦਦ ਕਰਨ ’ਚ ਉਨ੍ਹਾਂ ਦੇ ਜਜ਼ਬੇ ਦਾ ਕੋਈ ਮੁਕਾਬਲਾ ਨਹੀਂ ਸੀ। ਮਰੀਜ਼ਾਂ ਅਤੇ ਲੋੜਵੰਦਾਂ ਵਿਚਕਾਰ ਉਹ ਬਾਬਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਸਨ। ਕਈ ਲੋੜਵੰਦ ਮਰੀਜ਼ਾਂ ਦੀ ਉਹ ਆਰਥਿਕ ਮਦਦ ਵੀ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਮਾਮਲੇ ਸਬੰਧੀ ਨੌਜਵਾਨਾਂ ਨੇ ਮੇਨ ਹਾਈਵੇਅ ਕੀਤਾ ਜਾਮ, ਕੀਤਾ ਜ਼ੋਰਦਾਰ ਪ੍ਰਦਰਸ਼ਨ
ਆਹੂਜਾ ਹਮੇਸ਼ਾ ਮੇਰੇ ਲਈ ਪ੍ਰੇਰਣਾਦਾਇਕ ਰਹੇ : ਸੰਜੇ ਟੰਡਨ
ਕੰਪੀਟੈਂਟ ਫਾਊਂਡੇਸ਼ਨ ਦੇ ਪ੍ਰਧਾਨ, ਸਮਾਜਸੇਵੀ ਅਤੇ ਭਾਜਪਾ ਨੇਤਾ ਸੰਜੇ ਟੰਡਨ ਨੇ ਦੁੱਖ ਜ਼ਾਹਿਰ ਕਰਦਿਆਂ ਇਸ ਨੂੰ ਮਨੁੱਖ ਸੇਵਾ ਦੇ ਅਭਿਆਨ ਨੂੰ ਡੂੰਘੀ ਸੱਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਹੂਜਾ ਉਨ੍ਹਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੇ ਰਹੇ ਅਤੇ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਅਤੇ ਸੁਝਾਵਾਂ ਨੇ ਗਰੀਬਾਂ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਹੋਰ ਜਿਆਦਾ ਜ਼ੋਰ ਦਿੱਤਾ। ਸਵ. ਆਹੂਜਾ ਦੀ ਸੇਵਾ ਸਮਰਪਣ ਨੂੰ ਸਲਾਮ ਕਰਦਿਆਂ ਟੰਡਨ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ ਦੀ ਜਿਊਂਦੀ-ਜਾਗਦੀ ਉਦਾਹਰਣ ਹੈ। 40 ਸਾਲਾਂ ਤੋਂ ਜ਼ਿਆਦਾ ਸਮਾਂ ਪੀ. ਜੀ. ਆਈ. ਅਤੇ ਕਾਲੋਨੀਆਂ ’ਚ ਜਾਰੀ ਉਨ੍ਹਾਂ ਦੀ ਸੇਵਾ ਲਾਕਡਾਊਨ ਦੇ ਸਮੇਂ ’ਚ ਵੀ ਜਾਰੀ ਰਹੀ, ਜੋ ਕਿ ਆਧੁਨਿਕ ਯੁੱਗ ’ਚ ਮਨੁੱਖਤਾ ਦੇ ਪ੍ਰਤੀ ਪ੍ਰੇਮ ਅਤੇ ਨਿਸ਼ਠਾ ਨੂੰ ਬਿਆਨ ਕਰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ