ਕੀ ਹਿੰਦੂ ਭਾਈਚਾਰੇ ਦੇ ਵਕੀਲ ਲੜਨਗੇ ਲੰਗਾਹ ਦਾ ਕੇਸ !

Monday, Oct 09, 2017 - 06:57 AM (IST)

ਕੀ ਹਿੰਦੂ ਭਾਈਚਾਰੇ ਦੇ ਵਕੀਲ ਲੜਨਗੇ  ਲੰਗਾਹ ਦਾ ਕੇਸ !

ਲੁਧਿਆਣਾ  (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਵਜ਼ੀਰ ਸੁੱਚਾ ਸਿੰਘ ਲੰਗਾਹ ਵੱਲੋਂ ਕੀਤੀ ਗਈ ਕਥਿਤ ਬੱਜਰ ਗਲਤੀ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੁਣਾਇਆ ਗਿਆ ਸਖਤ ਫੈਸਲਾ ਜਿਸ ਵਿਚ ਸੁੱਚਾ ਸਿੰਘ ਲੰਗਾਹ ਜਬਰ-ਜ਼ਨਾਹ ਦੇ ਮਾਮਲੇ 'ਚ ਪੰਥ ਵਿਚੋਂ ਛੇਕੇ ਜਾਣ ਅਤੇ ਉਸ ਨਾਲ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦਾ ਰਿਸ਼ਤਾ ਜਾਂ ਲਗਾਅ ਨਾ ਰੱਖਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਰਾਜਸੀ ਅਤੇ ਧਾਰਮਿਕ ਹਲਕਿਆਂ 'ਚ ਇਸ ਗੱਲ ਨੇ ਜਨਮ ਲੈ ਲਿਆ ਹੈ ਕਿ ਹੁਣ ਸ. ਲੰਗਾਹ 'ਤੇ ਜਬਰ-ਜ਼ਨਾਹ ਦੇ ਮਾਮਲੇ 'ਚ ਕੀ ਕੋਈ ਸਿੱਖ ਭਾਈਚਾਰੇ ਦਾ ਵਕੀਲ ਉਸ ਦੇ ਕੇਸ ਦੀ ਪੈਰਵੀ ਕਰੇਗਾ ਕਿਉਂਕਿ ਜਥੇਦਾਰ ਵੱਲੋਂ ਸੁਣਾਇਆ ਗਿਆ ਫੈਸਲਾ ਹਰ ਸਿੱਖ 'ਤੇ ਲਾਗੂ ਹੁੰਦਾ ਹੈ।
ਇਸ ਗੱਲ ਨੂੰ ਲੈ ਕੇ ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਹਨ। ਕੋਈ ਕਹਿ ਰਿਹਾ ਹੈ ਕਿ ਹੁਣ ਲੰਗਾਹ ਦਾ ਕੇਸ ਹਿੰਦੂ ਭਾਈਚਾਰੇ ਨਾਲ ਸਬੰਧਿਤ ਵਕੀਲ ਲੜਨਗੇ, ਕੋਈ ਕਹਿ ਰਿਹਾ ਹੈ ਕਿ ਹੋ ਸਕਦਾ ਹੈ ਕੋਈ ਸਿੱਖ ਵਕੀਲ ਕਿਸੇ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਇਸ ਕੇਸ ਦੀ ਪੈਰਵੀ 'ਤੇ ਉਤਰ ਆਵੇ ਪਰ ਚਰਚਾ ਇਹ ਜ਼ੋਰਾਂ 'ਤੇ ਹੈ ਕਿ ਹੁਣ ਉਸ ਦੇ ਕੇਸ ਦੀ ਫਾਈਲ ਕਿਸ ਵਕੀਲ ਦੇ ਹੱਥ ਹੋਵੇਗੀ। ਇਸ ਕੇਸ ਨੂੰ ਲੈ ਕੇ ਧਾਰਮਿਕ ਖੇਤਰ ਵਿਚ ਇਹ ਵੀ ਚਰਚਾ ਹੈ ਕਿ ਪੰਥ 'ਚੋਂ ਛੇਕੇ ਜਾਣ 'ਤੇ ਸ. ਲੰਗਾਹ ਹੁਣ ਮੁੜ ਪੰਥ 'ਚ ਸ਼ਾਮਲ ਹੋਣ ਲਈ ਲੰਬਾ ਸਮਾਂ ਕੋਰਟ ਕਚਹਿਰੀਆਂ, ਜੇਲਾਂ ਦੇ ਚੱਕਰਾਂ ਰਾਹੀਂ ਗੁੰਝਲਦਾਰ ਪ੍ਰਕਿਰਿਆ 'ਚ ਫਸੇ ਰਹਿਣਗੇ।
ਇਕ ਟਕਸਾਲੀ ਆਗੂ ਨੇ ਲੰਗਾਹ ਮਾਮਲੇ 'ਤੇ ਕਿਹਾ ਕਿ ਜੇਕਰ ਲੰਗਾਹ ਪੰਥ 'ਚ ਮੁੜ ਸ਼ਾਮਲ ਹੋਣ ਲਈ ਆਪਣਾ ਗੁਨਾਹ ਕਬੂਲਦੇ ਹਨ ਤਾਂ ਉਨ੍ਹਾਂ ਨੂੰ ਜਥੇਦਾਰ ਸਖਤ ਸਜ਼ਾ ਦੇ ਕੇ ਮੁੜ ਪੰਥ 'ਚ ਸ਼ਾਮਲ ਤਾਂ ਕਰ ਲੈਣਗੇ ਪਰ ਜਥੇਦਾਰਾਂ ਅੱਗੇ ਕਬੂਲਿਆ ਹੋਇਆ ਗੁਨਾਹ ਚੱਲ ਰਹੇ ਕੇਸਾਂ 'ਚ ਅਦਾਲਤਾਂ ਵਿਚ ਵੱਡਾ ਸਬੂਤ ਬਣ ਕੇ ਲੰਗਾਹ ਦਾ ਰਸਤਾ ਰੋਕ ਲਵੇਗਾ।
ਇਸ ਲਈ ਲੰਗਾਹ ਦੀ ਹਾਲਤ ਜੇਕਰ ਇਹ ਆਖ ਲਈ ਜਾਵੇ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਬਾਕੀ ਦੇਖਣਾ ਇਹ ਹੋਵੇਗਾ ਕਿ ਲੰਗਾਹ ਦੇ ਮਾਮਲੇ 'ਚ ਸਿੱਖ ਭਾਈਚਾਰੇ ਨਾਲ ਸਬੰਧਿਤ ਕੋਰਟਾਂ 'ਚ ਬੈਠੇ ਵਕੀਲ ਜਥੇਦਾਰਾਂ ਦੇ ਫੈਸਲੇ ਨੂੰ ਕਿੰਨਾ ਕੁ ਮੰਨਦੇ ਹਨ ਕਿਉਂਕਿ ਇਹ ਮਾਮਲਾ ਕਿਸੇ ਵੱਡੇ ਅਕਾਲੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਹੋਣ ਕਰ ਕੇ ਧਾਰਮਿਕ ਖੇਤਰ 'ਚ ਕਾਫੀ ਪੇਚੀਦਾ ਬਣਦਾ ਜਾ ਰਿਹਾ ਹੈ।


Related News