ਜ਼ਮੀਨ ਦੇ ਲਾਲਚ 'ਚ ਭਰਾ ਨੇ ਮਾਰ 'ਤਾ ਭਰਾ
Friday, Jan 23, 2026 - 04:42 PM (IST)
ਭਾਦਸੋਂ (ਅਵਤਾਰ) : ਬੀਤੇ ਦਿਨੀਂ ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਜੱਸੋਮਾਜਰਾ ’ਚ ਇਕ ਨੌਜਵਾਨ ਦਾ ਕਤਲ ਹੋ ਗਿਆ ਸੀ, ਜਿਸਦੀ ਪੁਲਸ ਨੇ ਜਾਂਚ ਕਰਦੇ ਹੋਏ ਸਬੰਧਤ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਥਾਣਾ ਭਾਦਸੋਂ ਵਿਖੇ ਜਾਣਕਾਰੀ ਸਾਂਝੀ ਕਰਦੇ ਹੋਏ ਨਾਭਾ ਦੇ ਡੀ. ਐੱਸ. ਪੀ. ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਜੱਸੋਮਾਜਰਾ ਵਿਚ 20-21 ਜਨਵਰੀ ਦੀ ਦਰਮਿਆਨੀ ਰਾਤ ਨੂੰ ਸੰਦੀਪ ਸਿੰਘ ਉਰਫ ਦੀਪੂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪਰਿਵਾਰ ਵੱਲੋਂ ਥਾਣਾ ਭਾਦਸੋਂ ਵਿਖੇ ਸੂਚਨਾ ਵੀ ਦਿੱਤੀ ਗਈ ਸੀ। ਥਾਣਾ ਭਾਦਸੋਂ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਕਤਲ ਦੇ ਸਬੰਧ ’ਚ ਮ੍ਰਿਤਕ ਦੇ ਭਰਾ ਪਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੱਸੋਮਾਜਰਾ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ ਗਿਆ।
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਪਰਮਿੰਦਰ ਸਿੰਘ, ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਅਤੇ ਮ੍ਰਿਤਕ ਸੰਦੀਪ ਸਿੰਘ ਉਰਫ ਦੀਪੂ, ਜੋ ਕਿ ਕੁਆਰਾ ਸੀ। ਉਸਦੀ ਜ਼ਮੀਨ ਹੜੱਪਣ ਦੇ ਲਾਲਚ ਵਿਚ ਪਰਮਿੰਦਰ ਸਿੰਘ ਨੇ ਸੰਦੀਪ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਭਾਦਸੋਂ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੁਆਰਾ ਪਰਮਿੰਦਰ ਸਿੰਘ ਨੂੰ ਵਰਤੇ ਗਏ ਸਬੰਧਤ ਤੰਗਲੀ ਸਮੇਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
