9 ਸਾਲ ਪਹਿਲਾਂ ਖਰੀਦੀ ਖੇਤੀਯੋਗ ਜ਼ਮੀਨ ਦਾ ਸਬ-ਰਜਿਸਟਰਾਰ ਵੱਲੋਂ ਐੱਨ. ਆਰ. ਆਈ. ਮਹਿਲਾ ਨੂੰ ਰਿਕਵਰੀ ਦਾ ਨੋਟਿਸ
Friday, Sep 08, 2017 - 02:17 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਐੱਨ. ਆਰ. ਆਈ. ਮਹਿਲਾ ਵੱਲੋਂ 2008 'ਚ ਖ਼ਰੀਦੀ ਗਈ ਜ਼ਮੀਨ 'ਤੇ ਸਬ-ਰਜਿਸਟਰਾਰ ਦੀ ਆਡਿਟ ਪਾਰਟੀ ਦੀ ਰਿਪੋਰਟ ਦੇ ਆਧਾਰ 'ਤੇ 9 ਸਾਲਾਂ ਬਾਅਦ ਜਾਰੀ ਕੀਤੇ ਗਏ 4.73 ਲੱਖ ਰੁਪਏ ਦੇ ਰਿਕਵਰੀ ਨੋਟਿਸ 'ਤੇ ਐੱਨ. ਆਰ. ਆਈ. ਸਭਾ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਰਿਕਵਰੀ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਹੈ। ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ, ਸਤਨਾਮ ਸਿੰਘ ਐੱਨ. ਆਰ. ਆਈ. ਤੇ ਪਿੰਡ ਝਿੰਗੜਾ ਦੇ ਸਰਪੰਚ ਤੇ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਵਾਂਸ਼ਹਿਰ ਨੇ ਦੱਸਿਆ ਕਿ ਪਿੰਡ ਝਿੰਗੜਾ ਵਾਸੀ ਸੁਰਿੰਦਰਜੀਤ ਸ਼ੇਰਗਿਲ ਪਤਨੀ ਬਹਾਦਰ ਸਿੰਘ ਸ਼ੇਰਗਿਲ ਹਾਲ ਵਾਸੀ ਯੂ. ਕੇ. ਨੇ ਪਿੰਡ 'ਚ ਸਵਾ 3 ਏਕੜ ਖੇਤੀਯੋਗ ਜ਼ਮੀਨ 86 ਲੱਖ ਰੁਪਏ 'ਚ ਖਰੀਦੀ ਸੀ।
ਉਕਤ ਜ਼ਮੀਨ ਖਰੀਦ ਰੇਟ 'ਤੇ ਹੀ ਸੁਰਿੰਦਰਜੀਤ ਸ਼ੇਰਗਿਲ ਨੇ 2013 'ਚ ਗੁਰਦੁਆਰਾ ਸਾਹਿਬ ਨੂੰ ਬਿਨਾਂ ਲਾਭ ਵੇਚ ਦਿੱਤੀ ਸੀ, ਜੋ ਅੱਜ ਵੀ ਖੇਤੀਯੋਗ ਹੈ, ਜਿਸ 'ਤੇ ਗੁਰਦੁਆਰਾ ਸਾਹਿਬ ਵੱਲੋਂ ਫ਼ਸਲ ਬੀਜੀ ਜਾਂਦੀ ਹੈ, ਜਦੋਂਕਿ ਮਾਲ ਵਿਭਾਗ ਦੇ ਆਡਿਟ ਤੋਂ ਬਾਅਦ ਸਬ-ਰਜਿਸਟਰਾਰ ਬੰਗਾ ਵੱਲੋਂ ਪ੍ਰਵਾਸੀ ਭਾਰਤੀ ਮਹਿਲਾ ਨੂੰ ਨੋਟਿਸ ਕੱਢ ਕੇ ਦੱਸਿਆ ਗਿਆ ਕਿ ਉਕਤ ਜ਼ਮੀਨ ਖ਼ੇਤੀਯੋਗ ਨਹੀਂ, ਬਲਕਿ ਪਲਾਟ ਕੱਟਣ ਲਈ ਕਮਰਸ਼ੀਅਲ ਹੈ, ਜਿਸ ਤਹਿਤ ਰਜਿਸਟਰੀ ਮਾਲਕ (ਉਸ ਸਮੇਂ ਦੀ) ਸੁਰਿੰਦਰਜੀਤ ਸ਼ੇਰਗਿੱਲ ਨੂੰ 4,73,900 ਰੁਪਏ ਦੀ ਰਿਕਵਰੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਉਕਤ ਰਿਕਵਰੀ ਦਾ ਨੋਟਿਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ, ਜਿਸ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਸ ਸਮੇਂ ਸੁਖਵਿੰਦਰ ਸਿੰਘ ਰਾਠੌਰ ਨੰਬਰਦਾਰ, ਇੰਦਰਜੀਤ ਸਿੰਘ ਮਾਨ ਨੰਬਰਦਾਰ ਬੰਗਾ, ਅਪਰ ਅਪਾਰ ਸਿੰਘ ਅਟਵਾਲ, ਮਹਿੰਦਰ ਸਿੰਘ ਬਾਠ, ਰਣਜੀਤ ਸਿੰਘ ਝਿੰਗੜਾ, ਬਾਵਾ ਸਿੰਘ ਗਿੱਲ, ਬਹਾਦਰ ਸਿੰਘ ਗਿੱਲ, ਬਲਦੇਵ ਸੁੰਢ, ਨਰਦੇਵ ਸਿੰਘ ਰਾਣਾ, ਸ਼ਮਿੰਦਰ ਸਿੰਘ ਗਰਚਾ, ਬਲਵਿੰਦਰ ਸਿੰਘ, ਬਿਸ਼ਨ ਲਾਲ, ਸੁਖਵਿੰਦਰ ਸਿੰਘ, ਲੱਖਾ ਸਿੰਘ, ਜਗਵਿੰਦਰ ਸਿੰਘ, ਬਲਵੀਰ ਸਿੰਘ ਅਟਵਾਲ ਆਦਿ ਹਾਜ਼ਰ ਸਨ।
